-19 ਨਵੰਬਰ ਤੋਂ ਮਨਾਇਆ ਜਾਵੇਗਾ ਕੌਮੀ ਏਕਤਾ ਅਤੇ ਆਪਸੀ ਭਾਈਚਾਰਾ ਸਪਤਾਹ-ਸਰਬਜੀਤ ਸਿੰਘ ਬੇਦੀ
ਫ਼ਿਰੋਜ਼ਪੁਰ (ਮਨੋਹਰ ਲਾਲ) ਨਹਿਰੂ ਯੂਵਾ ਕੇਂਦਰ ਫ਼ਿਰੋਜ਼ਪੁਰ ਵੱਲੋਂ ਜ਼ਿਲ੍ਹਾ ਪੱਧਰੀ ਰਾਸ਼ਟਰੀ ਯੂਵਾ ਵਲੰਟੀਅਰ, ਕਿੱਤਾ ਸਿਖਲਾਈ ਟੀਚਰਾਂ ਅਤੇ ਸਟਾਫ਼ ਦੀ ਮੀਟਿੰਗ ਸਰਬਜੀਤ ਸਿੰਘ ਬੇਦੀ ਜ਼ਿਲ੍ਹਾ ਯੂਥ ਕੁਆਰਡੀਨੇਟਰ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਪਿਛਲੇ ਮਹੀਨੇ ਦੌਰਾਨ ਕੀਤੇ ਗਏ ਕੰਮਾਂ ਤੇ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਭਵਿੱਖ ਵਿਚ ਕਰਵਾਉਣ ਵਾਲੇ ਵਿਸ਼ੇਸ਼ ਪ੍ਰੋਗਰਾਮਾਂ ਬਾਰੇ ਚਰਚਾ ਕੀਤੀ ਗਈ।
ਮੀਟਿੰਗ ਦੀ ਸ਼ੁਰੂਆਤ ਸ੍ਰ: ਗੁਰਦੇਵ ਸਿੰਘ ਲੇਖਾਕਾਰ ਵੱਲੋਂ ਹਾਜ਼ਰ ਸਟਾਫ਼ ਨੂੰ ਜੀ ਆਇਆਂ ਕਹਿ ਕੇ ਮੀਟਿੰਗ ਦੇ ਅਜੰਡੇ ਬਾਰੇ ਚਰਚਾ ਕਰਕੇ ਕੀਤੀ ਗਈ।ਸਰਬਜੀਤ ਸਿੰਘ ਬੇਦੀ ਜ਼ਿਲ੍ਹਾ ਯੂਥ ਕੁਆਰਡੀਨੇਟਰ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਮਿਤੀ 19 ਨਵੰਬਰ 2017 ਤੋਂ 25 ਨਵੰਬਰ 2017 ਤੋਂ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਕਲੱਬਾਂ ਅਤੇ ਵਿੱਦਿਅਕ ਅਦਾਰਿਆਂ ਦੇ ਸਹਿਯੋਗ ਨਾਲ ਕੌਮੀ ਏਕਤਾ ਅਤੇ ਆਪਸੀ ਭਾਈਚਾਰਾ ਅਭਿਆਨ ਸਪਤਾਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਪਤਾਹ ਤਹਿਤ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਜਿਵੇਂ ਲੇਖ, ਭਾਸ਼ਣ, ਪੇਂਟਿੰਗ, ਕਵਿਤਾ ਮੁਕਾਬਲੇ, ਸਭਿਆਚਾਰਕ ਪ੍ਰੋਗਰਾਮ, ਸੈਮੀਨਾਰ, ਰੈਲੀਆਂ ਆਦਿ ਕਰਵਾਏ ਜਾਣਗੇ। ਇਸ ਸਪਤਾਹ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਰਾਸ਼ਟਰ ਕੌਮੀ ਏਕਤਾ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਹੈ। ਇਸ ਹਫ਼ਤੇ ਦੌਰਾਨ 24 ਨਵੰਬਰ ਨੂੰ ਝੰਡਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਪ੍ਰੋਗਰਾਮ ਤਹਿਤ ਰਾਸ਼ਟਰੀ ਏਕਤਾ ਤੇ ਦੇਸ਼ ਭਗਤੀ ਦੇ ਵਿਸ਼ੇ ਤੇ ਬਲਾਕ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ ਮਾਨਯੋਗ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ਼੍ਰੀ ਰਾਮਵੀਰ ਆਈ.ਏ.ਐਸ ਦੀ ਪ੍ਰਧਾਨਗੀ ਹੇਠ ਕਰਵਾਏ ਜਾਣਗੇ। ਜ਼ਿਲ੍ਹੇ ਪੱਧਰ ਤੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਜੇਤਾ ਨੂੰ 5 ਹਜ਼ਾਰ, 2 ਹਜ਼ਾਰ ਅਤੇ 1 ਹਜ਼ਾਰ ਰੁਪਏ ਨਗਦ ਰਾਸ਼ੀ ਅਤੇ ਪ੍ਰਮਾਣ ਪੱਤਰ ਦਿੱਤਾ ਜਾਵੇਗਾ। ਜ਼ਿਲ੍ਹੇ ਪੱਧਰ ਦੇ ਪਹਿਲੇ ਸਥਾਨ ਦੇ ਰਹਿਣ ਵਾਲੇ ਵਿਜੇਤਾ ਨੂੰ ਰਾਜ ਪੱਧਰ ਦੇ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਭੇਜਿਆ ਜਾਵੇਗਾ। ਇਹ ਮੁਕਾਬਲੇ 18 ਤੋਂ 29 ਸਾਲ ਦੀ ਉਮਰ ਦੇ ਕਿਸੇ ਵੀ ਵਰਗ ਦੇ ਨੌਜਵਾਨਾਂ ਦਰਮਿਆਨ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਦੀ ਭਾਸ਼ਾ ਹਿੰਦੀ ਅਤੇ ਅੰਗਰੇਜ਼ੀ ਹੋਵੇਗੀ। ਭਾਗੀਦਾਰ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਹੀ ਪੱਕਾ ਵਸਨੀਕ ਹੋਣਾ ਚਾਹੀਦਾ ਹੈ। ਰਾਜ ਪੱਧਰ ਦੇ ਮੁਕਾਬਲਿਆਂ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਵਿੱਚ ਰਹਿਣ ਵਾਲੇ ਵਿਜੇਤਾ ਨੂੰ 25 ਹਜ਼ਾਰ, 10 ਹਜ਼ਾਰ ਅਤੇ 5 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਤੇ ਪ੍ਰਮਾਣ ਪੱਤਰ ਦਿੱਤੇ ਜਾਣਗੇ। ਰਾਜ ਪੱਧਰ ਤੇ ਪਹਿਲੇ ਸਥਾਨ ਤੇ ਰਹਿਣ ਵਾਲੇ ਵਿਜੇਤਾ ਕੌਮੀ ਪੱਧਰ ਦੇ ਮੁਕਾਬਲਿਆਂ ਵਿਚ ਹਿੱਸਾ ਲੈਣਗੇ, ਜਿਸ ਵਿਚ ਪਹਿਲਾ ਇਨਾਮ 2 ਲੱਖ, ਦੂਜਾ 1 ਲੱਖ ਅਤੇ ਤੀਜਾ ਇਨਾਮ 50 ਹਜ਼ਾਰ ਰੁਪਏ ਹੋਵੇਗਾ। ਇਹ ਬਲਾਕ ਅਤੇ ਜ਼ਿਲ੍ਹਾ ਪੱਧਰੀ ਮੁਕਾਬਲੇ ਜ਼ਿਲ੍ਹਾ ਪ੍ਰਸ਼ਾਸਨ ਯੂਥ ਕਲੱਬਾਂ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਜਾਣਗੇ।
ਇਸ ਮੌਕੇ ਗਗਨਦੀਪ ਮੰਨੂੰ, ਹਰਮਨ ਸਿੰਘ, ਹਰਜੀਤ ਸਿੰਘ, ਕੁਲਵਿੰਦਰ ਸਿੰਘ, ਸਾਰਜ ਸਿੰਘ, ਰਜਿੰਦਰ ਸਿੰਘ, ਕੁਲਦੀਪ ਸਿੰਘ ਅਤੇ ਬਾਜ਼ ਸਿੰਘ ਹਾਜ਼ਰ ਸਨ।