ਆਦੇਸ਼ 23 ਜਨਵਰੀ 2018 ਤੱਕ ਲਾਗੂ ਰਹਿਣਗੇ- ਵਧੀਕ ਜਿਲਾ ਮੈਜਿਸਟ੍ਰੇਟ
ਫਰੀਦਕੋਟ (ਬਿਉਰੋ) ਵਧੀਕ ਜਿਲਾ ਮੈਜਿਸਟ੍ਰੇਟ ਫਰੀਦਕੋਟ ਸ੍ਰੀ ਕੇਸ਼ਵ ਹਿੰਗੋਨੀਆ ਆਈ.ਏ.ਐਸ. ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਫਰੀਦਕੋਟ ‘ਚ ਵੱਖ ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਆਦੇਸ਼ 23 ਜਨਵਰੀ 2018 ਤੱਕ ਲਾਗੂ ਰਹਿਣਗੇ।
ਵਧੀਕ ਜਿਲਾ ਮੈਜਿਸਟ੍ਰੇਟ ਵੱਲੋਂ ਜਿਲੇ ‘ਚ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਦੇ ਮੱਦੇ-ਨਜ਼ਰ ਪੰਜ ਜਾਂ ਪੰਜ ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ ਜਾਂ ਮੀਟਿੰਗ ਕਰਨ, ਨਾਹਰੇ ਲਾਉਣ, ਬਿਨਾਂ ਅਗੇਤਰੀ ਪ੍ਰਵਾਨਗੀ ਧਾਰਮਿਕ ਜਲੂਸ ਕੱਢਣ ਅਤੇ ਪ੍ਰਚਾਰ ਕਰਨ ਦੀ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਉਨਾਂ ਦੱਸਿਆ ਕਿ ਸਿਰਫ ਵਿਸ਼ੇਸ਼ ਹਾਲਤਾਂ ਜਾਂ ਮੌਕਿਆਂ ‘ਤੇ ਪ੍ਰਬੰਧਕਾਂ ਵੱਲੋਂ ਲਿਖਤੀ ਬੇਨਤੀ ਕਰਨ ‘ਤੇ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਪਾਸੋਂ ਲਿਖਤੀ ਪ੍ਰਵਾਨਗੀ ਲੈ ਕੇ ਪਬਲਿਕ ਮੀਟਿੰਗਾਂ ਕਰਨ ਅਤੇ ਧਾਰਮਿਕ ਜਲੂਸ ਬਗੈਰਾ ਪ੍ਰਵਾਨਗੀ ਦੀਆਂ ਸ਼ਰਤਾਂ ਅਨੁਸਾਰ ਹੀ ਕੱਢੇ ਜਾ ਸਕਦੇ ਹਨ। ਇਹ ਹੁਕਮ ਸਰਕਾਰੀ ਡਿਊਟੀ ਕਰ ਰਹੇ ਪੁਲਿਸ, ਹੋਮ-ਗਾਰਡਜ਼, ਸੈਨਿਕਾਂ/ਅਰਧ ਸੈਨਿਕ ਬਲਾਂ ਅਤੇ ਵਿਆਹ-ਸ਼ਾਦੀਆਂ ਤੇ ਸ਼ਾਂਤਮਈ ਢੰਗ ਨਾਲ ਕੀਤੇ ਜਾ ਰਹੇ ਜਲੂਸ ਤੇ ਲਾਗੂ ਨਹੀਂ ਹੋਵੇਗਾ।
ਇਸੇ ਤਰਾਂ ਇਕ ਹੋਰ ਹੁਕਮ ਰਾਹੀਂ ਜ਼ਿਲਾ ਫਰੀਦਕੋਟ ਦੀ ਹਦੂਦ ਅੰਦਰ ਵਿਆਹ ਸ਼ਾਦੀਆਂ, ਸਮਾਜਿਕ/ਧਾਰਮਿਕ ਸਮਾਰੋਹਾਂ ਜਲਸੇ, ਮੈਰਿਜ ਪੈਲਿਸਾਂ ਆਦਿ ਵਿਚ ਹਵਾਈ ਫਾਇਰ ਕਰਨ ਤੇ ਪੂਰਨ ਤੌਰ ਤੇ ਰੋਕ ਲਗਾਈ ਗਈ ਹੈ।
ਸ੍ਰੀ ਹਿੰਗੋਨੀਆ ਨੇ ਦੱਸਿਆ ਕਿ ਜ਼ਿਲਾ ਫਰੀਦਕੋਟ ਦੀ ਸੀਮਵਾਂ ਅੰਦਰ ਆਮ ਲੋਕਾਂ ਦੇ ਮਿਲਟਰੀ ਰੰਗ ਦੀ ਵਰਦੀ ਅਤੇ ਵਹੀਕਲਾਂ ਦੀ ਖਰੀਦ, ਵੇਚ ਅਤੇ ਵਰਤੋਂ ਕਰਨ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਸਰਕਾਰੀ ਸੜਕ/ ਰਸਤੇ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਨਹੀਂ ਕਰੇਗਾ। ਇਕ ਹੋਰ ਹੁਕਮ ਰਾਹੀਂ ਕੋਈ ਵੀ ਵਪਾਰੀ, ਡੀਲਰ, ਟਰੇਡਰ, ਖਾਦ, ਕੀੜੇਮਾਰ ਦਵਾਈਆਂ ਪੈਸਟੀਸਾਈਡ, ਬੀਜ ਅਤੇ ਖੇਤੀਬਾੜੀ ਨਾਲ ਸਬੰਧਤ ਹੋਰ ਖਾਦ ਵਸਤੂਆਂ ਤੇ ਵਪਾਰੀ ਕਪੜਾ ਵਪਾਰੀ ਭਾਵੇਂ ਉਹ ਰੇਡੀਮੇਡ ਕਪੜਿਆਂ ਦਾ ਕੰਮ ਕਰਦੇ ਹੋਣ ਜਾਂ ਨਾ, ਕੈਮਿਸਟ, ਜਨਰਲ ਕਰਿਆਨਾ ਵਪਾਰੀ ਸਮੇਤ ਕਾਸਮੈਟਿਕਸ, ਬਿਜਲੀ ਦੇ ਸਮਾਨ ਨਾਲ ਸਬੰਧਤ ਵਪਾਰੀ, ਪੈਟਰੋਲੀਅਮ ਵਸਤਾਂ ਦੇ ਵਪਾਰੀ ਜਿਵੇਂ ਗਰੀਸ, ਲੁਬਰੀਕੈਂਟ ਆਦਿ ਕੋਈ ਵੀ ਅਜਿਹੀ ਵਸਤੂ ਜਿਸ ਦੀ ਕੀਮਤ 100/- ਰੁਪਏ ਜਾਂ ਇਸ ਤੋਂ ਵੱਧ ਹੋਵੇ ਬਿਨਾਂ ਸਹੀ ਬਿੱਲ ਜਾਰੀ ਕਰਨ ਦੇ ਗਾਹਕਾਂ ਨੂੰ ਨਹੀਂ ਵੇਚਣਗੇ, ਭਾਵੇਂ ਗਾਹਕ/ਖਪਤਕਾਰ ਇਸ ਬਿੱਲ ਦੀ ਮੰਗ ਕਰੇ ਜਾਂ ਨਾ ਕਰੇ।
ਇਕ ਹੋਰ ਹੁਕਮ ਅਨੁਸਾਰ ਕੋਈ ਵੀ ਵਿਅਕਤੀ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਦੀ ਪ੍ਰਵਾਨਗੀ ਲਏ ਬਿਨਾਂ ਗਲੀ, ਮੁਹੱਲਿਆਂ, ਬਜ਼ਾਰਾਂ ਦੇ ਆਮ ਰਸਤਿਆਂ ਵਿੱਚ ਅਤੇ ਪਬਲਿਕ ਸਥਾਨਾਂ ਤੇ ਸ਼ਾਮੇਆਣਾ ਲਗਾਕੇ ਕੋਈ ਵੀ ਧਾਰਮਿਕ ਪ੍ਰੋਗਰਾਮ, ਜਲਸੇ, ਰੈਲੀਆਂ ਆਦਿ ਨਹੀਂ ਕਰਨਗੇ। ਇਸੇ ਤਰਾਂ ਸਾਈਕਲ, ਰਿਕਸ਼ਾ, ਟਰੈਕਟਰ-ਟਰਾਲੀ, ਰੇਹੜੀ ਅਤੇ ਅਜਿਹੀਆਂ ਹੀ ਹੋਰ ਗੱਡੀਆਂ ਜਿੰਨਾਂ ਦੇ ਅੱਗੇ-ਪਿੱਛੇ ਲਾਈਟਾਂ ਨਹੀਂ ਹਨ, ਅਜਿਹੇ ਵਾਹਨਾਂ ਨੂੰ ਰਿਫਲੈਕਟਰ ਤੋਂ ਬਿਨਾਂ ਚੱਲਣ ‘ਤੇ ਰੋਕ ਲਗਾਈ ਗਈ ਹੈ। ਜਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਅਜਿਹੇ ਵਾਹਨ ਅਕਸਰ ਐਕਸੀਡੈਂਟਾਂ ਦਾ ਕਾਰਣ ਬਣਦੇ ਹਨ। ਇਸ ਨਾਲ ਜਿੱਥੇ ਮਾਲੀ ਤੇ ਜਾਨੀ ਨੁਕਸਾਨ ਹੁੰਦਾ ਹੈ, ਉੱਥੇ ਕਈ ਵਾਰ ਆਮ ਜਨਤਾ ਵਿੱਚ ਅਸ਼ਾਂਤੀ ਅਤੇ ਅਮਨ ਭੰਗ ਹੋਣ ਦਾ ਖਤਰਾ ਪੈਦਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਲਈ ਇੰਨਾਂ ਦੇ ਅੱਗੇ-ਪਿੱਛੇ ਲਾਲ ਰੰਗ ਦੇ ਰਿਫਲੈਕਟਰ ਜਾਂ ਕੋਈ ਆਈ ਗਲਾਸ ਜਾਂ ਚਮਕਦਾਰ ਟੇਪ ਫਿੱਟ ਕਰਵਾਏ ਬਿਨਾਂ ਨਹੀਂ ਚਲਾਏਗਾ। ਇਕ ਹੋਰ ਹੁਕਮ ਰਾਹੀਂ ਵਿੱਦਿਅਕ ਸੰਸਥਾਵਾਂ ਦੇ ਦੁਆਲੇ 100 ਮੀਟਰ ਘੇਰੇ ਅੰਦਰ ਤੰਬਾਕੂ ਰੱਖਣ ਅਤੇ 18 ਸਾਲ ਤੋਂ ਘੱਟ ਉਮਰ ਵਾਲੇ ਵਿਅਕਤੀ ਨੂੰ ਵੇਚਣ ਅਤੇ ਵਰਤੋਂ ਕਰਨ ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।