ਢਿੰਗਰੀ ਖੁੰਬ ਦੀ ਕਾਸ਼ਤ ਝੋਨੇ ਦੀ ਪਰਾਲੀ ਨੂੰ ਲਿਫਾਫਿਆਂ ਵਿਚ ਬੰਦ ਕਰਕੇ ਕੋਈ ਵੀ ਆਪਣੇ ਘਰ ਵਿਚ ਹੀ ਪੈਦਾ ਕਰ ਸਕਦਾ ਹੈ
ਫਰੀਦਕੋਟ (ਬਿਉਰੋ) ਬਾਗਬਾਨੀ ਵਿਭਾਗ ਫਰੀਦਕੋਟ ਵਿੱਚ ਬਾਗਬਾਨੀ ਫਸਲਾਂ ਦੇ ਵਿਕਾਸ ਲਈ ਫਲਾਂ, ਫੁੱਲਾਂ, ਸਬਜੀਆਂ ਅਤੇ ਖੁੰਬਾਂ ਅਧੀਨ ਵਧੇਰੇ ਰਕਬਾ ਲਿਆ ਕੇ ਪੰਜਾਬ ਸਰਕਾਰ ਦੀ ਖੇਤੀਬਾੜੀ ਵਿਚ ਫਸਲੀ ਵਭਿੰਨਤਾਂ ਲਿਆਉਣ ਦੀ ਨੀਤੀ ਤਹਿਤ ਕਾਰਜ ਕਰ ਰਿਹਾ ਹੈ ਅਤੇ ਬਾਗਬਾਨੀ ਫਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਰਾਜੀਵ ਪਰਾਸ਼ਰ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਜਿਮੀਦਾਰਾਂ ਨੂੰ ਨੈੱਟ ਹਾਊਸ ਤੇ ਪੌਲੀ ਹਾਊਸ ਵਿਚ ਮਿਆਰੀ ਕਿਸਮ ਦੀਆਂ ਸਬਜੀਆਂ ਦੀ ਆਰਗੈਨਿਕ ਖੇਤੀ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਮੁਨਾਫਾ ਕਮਾਇਆ ਜਾ ਸਕੇ। ਬਾਗਬਾਨੀ ਫਸਲਾਂ ਜਿਥੇ ਰਵਾਇਤੀ ਫਸਲਾਂ ਦਾ ਚੰਗਾ ਬਦਲ ਸਾਬਤ ਹੋ ਰਹੀਆਂ ਹਨ ਉੱਥੇ ਹੀ ਆਮਦਨ ਵਿਚ ਵਾਧਾ ਵੀ ਕਰ ਰਹੀਆਂ ਹਨ।
ਉਨਾਂ ਦੱਸਿਆ ਕਿ ਲੋਕਾਂ ਨੂੰ ਘਰੇਲੂ ਬਗੀਚੀ ਦੇ ਮਹੱਤਵ ਤੋਂ ਜਾਣੂ ਕਰਵਾਉਣ ਲਈ ਬਾਗਬਾਨੀ ਵਿਭਾਗ ਨੇ ਇਸ ਸਾਲ ਜ਼ਿਲੇ ਵਿਚ ਗਰਮੀ ਅਤੇ ਸਰਦ ਰੁੱਤ ਦੀਆਂ 1600 ਸਬਜ਼ੀ ਬੀਜ ਕਿੱਟਾ ਅਤੇ 500 ਪੈਕੇਟ ਢਿੰਗਰੀ ਖੁੰਬਾਂ ਦੇ ਬੀਜ ਲੋਕਾਂ ਨੂੰ ਮਿਆਰੀ ਕੀਮਤ ਤੇ ਉਪਲਬਧ ਕਰਵਾਏ ਹਨ। ਉਨਾਂ ਦੱਸਿਆਂ ਕਿ ਢਿੰਗਰੀ ਖੁੰਬ ਦੀ ਕਾਸ਼ਤ ਝੋਨੇ ਦੀ ਪਰਾਲੀ ਨੂੰ ਲਿਫਾਫਿਆਂ ਵਿਚ ਬੰਦ ਕਰਕੇ ਉਸ ਵਿਚ ਖੁੰਭ ਉਗਾਉਣ ਦੀ ਵਿਧੀ ਨਾਲ ਕੋਈ ਵੀ ਆਪਣੇ ਘਰ ਵਿਚ ਹੀ ਪੈਦਾ ਕਰ ਸਕਦਾ ਹੈ। ਲੋਕਾਂ ਨੂੰ ਖੁੰਬ ਉਤਪਾਦਨ ਲਈ ਪ੍ਰੇਰਿਤ ਕਰਨ ਲਈ ਵਿਭਾਗ ਨੇ ਇਹ ਉਦਮ ਕੀਤਾ ਹੈ। ਉਨਾਂ ਦੱਸਿਆਂ ਕਿ ਇਸ ਤੋਂ ਬਿਨਾਂ ਵਿਭਾਗ ਖੁੰਬ ਉਤਪਾਦਨ ਲਈ ਵਪਾਰਕ ਯੂਨਿਟ ਸਥਾਪਤ ਕਰਨ ਵਾਲੇ ਕਿਸਾਨਾਂ ਨੂੰ ਲਾਗਤ ਮੁੱਲ 20 ਲੱਖ ਰੁਪਏ ਦੀ 40 ਫੀਸਦੀ ਸਬਸਿਡੀ ਦਿੰਦਾ ਹੈ। ਇਸੇ ਤਰਾਂ ਖੁੰਬਾਂ ਦਾ ਬੀਜ ਜਿਸ ਨੂੰ ਸਪਾਨ ਕਿਹਾਂ ਜਾਂਦਾ ਹੈ ਨੂੰ ਤਿਆਰ ਕਰਨ ਦੇ 15 ਲੱਖ ਦੀ ਲਾਗਤ ਵਾਲੇ ਯੂਨਿਟ ਦੀ ਸਥਾਪਨਾ ਲਈ ਵੀ ਬਾਗਬਾਨੀ ਵਿਭਾਗ 40 ਫੀਸਦੀ ਮਦਦ ਕਰਦਾ ਹੈ।
ਸ੍ਰੀ ਪਰਾਸ਼ਰ ਨੇ ਦੱਸਿਆ ਕਿ ਇਸੇ ਤਰਾਂ ਕੰਪੋਸਟ ਯੂਨਿਟ ਦੀ ਸਥਾਪਨਾ ਲਈ ਵੀ ਵਿਭਾਗ ਯੂਨਿਟ ਦੀ ਕੁੱਲ ਲਾਗਤ ਮੁੱਲ 20 ਲੱਖ ਰੁਪਏ ਦਾ 40 ਫੀਸਦੀ ਸਬਸਿਡੀ ਦੇ ਰੂਪ ਵਿਚ ਕਿਸਾਨਾਂ ਨੂੰ ਉਪਲਬਧ ਕਰਵਾਉਦਾ ਹੈ। ਪੰਜਾਬ ਸਰਕਾਰ ਵਲੋਂ ਏਕੀਕ੍ਰਿਤ ਬਾਗਬਾਨੀ ਵਿਕਾਸ ਮਿਸ਼ਨ (ਕੋਮੀ-ਰਾਜ ਬਾਗਬਾਨੀ ਮਿਸ਼ਨ ) ਤਹਿਤ ਇਹ ਸਬਸਿਡੀਆਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਅਤੇ ਕਿਸਾਨ ਇਨਾਂ ਸਕੀਮਾਂ ਦਾ ਲਾਭ ਲੈਣ ਲਈ ਬਾਗਬਾਨੀ ਵਿਭਾਗ ਨਾਲ ਰਾਬਤਾ ਕਰ ਸਕਦੇ ਹਨ। ਉਨਾਂ ਦੱਸਿਆਂ ਕਿ ਖੁੰਭ ਉਤਪਾਦਨ ਨਾਲ ਜਿਥੇ ਪਰਾਲੀ ਅਤੇ ਤੂੜੀ ਦੀ ਯੋਗ ਵਰਤੋਂ ਹੋ ਸਕਦੀ ਹੈ ਉਥੇ ਹੀ ਇਹ ਸਵੈ ਰੁਜ਼ਗਾਰ ਦਾ ਵਧੀਆਂ ਸਾਧਨ ਵੀ ਹੈ। ਇਸ ਮੌਕੇ ਜ਼ਿਲਾ ਬਾਗਬਾਨੀ ਅਫ਼ਸਰ ਡਾ. ਨਰਿੰਦਰਜੀਤ ਸਿੰਘ, ਬਾਗਬਾਨੀ ਵਿਕਾਸ ਅਫਸਰ ਡਾ. ਕਿਰਨਦੀਪ ਸਿੰਘ ਗਿੱਲ, ਡਾ ਨਵਦੀਪ ਸਿੰਘ ਅਤੇ ਡਾ. ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।