ਮ੍ਰਿਤਕ ਦੇ ਦਾਦੇ ਵੱਲੋਂ ਫਰੀਦਕੋਟ ਪੁਲਿਸ ਉੱਤੇ ਵੀ ਲਾਏ ਦੋਸ਼, ਕਿਹਾ ਸਾਡੀ ਨਹੀਂ ਕੀਤੀ ਕੋਈ ਸੁਣਵਾਈ
(ਫਰੀਦਕੋਟ ਤੋਂ ਹਰਸਿਮਰਨਜੋਤ ਸੰਧੂ ਦੀ ਰਿਪੋਰਟ)
ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿਚ ਤੈਨਾਤ ਨਰਸ ਦੀ ਕਰੋਨਾਂ ਵਾਇਰਸ ਨਾਲ ਹੋਈ ਮੌਤ ਤੋਂ ਬਾਅਦ ਉਸ ਦੇ ਪੇਕੇ ਪਰਿਵਾਰ ਵੱਲੋਂ ਜਿਥੇ ਸਹੁਰੇ ਪਰਿਵਾਰ ਤੇ ਉਹਨਾਂ ਦੀ ਲੜਕੀ ਤੰਗ-ਪ੍ਰੇਸ਼ਾਨ ਕਰਨ, ਦਾਜ ਦਹੇਜ ਮੰਗਣ, ਲੜਕੀ ਕਰੀਬ 10 ਦਿਨਾਂ ਤੱਕ ਘਰ ਅੰਦਰ ਬੰਦ ਕਰ ਕੇ ਭੁੱਖੀ ਰੱਖਣ ਤੋਂ ਇਲਾਵਾ ਆਪਣੀ ਲੜਕੀ ਦੀ ਮੌਤ ਲਈ ਸਹੁਰੇ ਪਰਿਵਾਰ ਨੂੰ ਜਿੰਮੇਵਾਰ ਠਹਿਰਾਇਆ ਹੈ ਜਦਕਿ ਦੂਜੇ ਪਾਸੇ ਮ੍ਰਿਤਕ ਦੇ ਪਤੀ ਨੇ ਆਪਣੇ ਉਪਰ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ।
ਇਸ ਮੌਕੇ ਗੱਲਬਾਤ ਕਰਦਿਆ ਮ੍ਰਿਤਕ ਲੜਕੀ ਦੀ ਮਾ ਨੇ ਕਿਹਾ ਕਿ ਉਹਨਾਂ ਦੀ ਲੜਕੀ ਜਦੋ ਤੋਂ ਵਿਆਹੀ ਗਈ ਸੀ ਉਦੋਂ ਤੋਂ ਹੀ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਦਾਜ ਦਹੇਜ ਲਿਉਣ ਲਈ ਤੰਗ ਪ੍ਰੇਸ਼ਾਨ ਕਰ ਰਹੇ ਸਨ। ਉਹਨਾਂ ਕਿਹਾ ਕਿ ਹੁਣ ਵੀ ਬੀਤੇ ਕੁਝ ਦਿਨਾਂ ਤੋਂ ਉਹਨਾਂ ਦੀ ਲੜਕੀ ਬਿਮਾਰ ਸੀ ਜਿਸ ਨੂੰ ਉਸ ਦੇ ਸਹੁਰੇ ਪਰਿਵਾਰ ਵਾਲਿਆ ਨੇ ਆਪਣੇ ਘਰ ਅੰਦਰ ਬੰਦ ਕਰਕੇ 10 ਦਿਨ ਤੱਕ ਭੁੱਖੀ ਰੱਖਿਆ ਅਤੇ ਕੋਈ ਇਲਾਜ ਨਹੀਂ ਕਰਵਾਇਆ। ਉਹਨਾਂ ਕਿਹਾ ਕਿ ਜਦੋਂ ਉਹਨਾਂ ਦੀ ਲੜਕੀ ਦੀ ਸਿਹਤ ਜਿਆਦਾ ਖਰਾਬ ਹੋਈ ਤਾਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ । ਉਹਨਾਂ ਕਿਹਾ ਕਿ ਲੜਕੀ ਵੱਲੋਂ ਇਕ ਸੁਸਾਇਡ ਨੋਟ ਲਿਖਣ ਦਾ ਦਾਅਵਾ ਕਰਦਿਆਂ ਸਹੁਰੇ ਪ੍ਰੀਵਾਰ ਵੱਲੋਂ ਉਸ ਨਾਲ ਤਸੱਦਦ ਕਰਨ ਦੇ ਇਲਜ਼ਾਮ ਲਾਏ ਹਨ।
ਮ੍ਰਿਤਕ ਦੇ ਮਾਪਿਆ ਵੱਲੋਂ ਲਗਾਏ ਗਏ ਇਲਜਾਂਮਾਂ ਬਾਰੇ ਜਦੋਂ ਮ੍ਰਿਤਕ ਦੇ ਪਤੀ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆ ਕਿਹਾ ਕਿ ਉਸ ਦੀ ਪਤਨੀ ਦੀ ਮੌਤ ਕਰੋਨਾਂ ਵਾਇਰਸ ਕਾਰਨ ਹੋਈ ਹੈ ਜੋ ਹਸਪਤਾਲ ਵਿਚ ਦਾਖਲ ਸੀ। ਉਸ ਨੇ ਦੱਸਿਆ ਕਿ ਉਸ ਦੇ ਪਰਿਵਾਰ ਵਿਚ ਉਸ ਦੇ ਪਿਤਾ ਅਤੇ ਮਾਂ ਨੂੰ ਵੀ ਕਰੋਨਾਂ ਹੋਇਆ ਹੈ ਅਤੇ ਉਸ ਦੀ ਪਤਨੀ ਵੀ ਕਰੋਨਾਂ ਪਾਜਿਟਿਵ ਸੀ।
ਮ੍ਰਿਤਕਾ ਦੇ ਦਾਦੇ ਨੇ ਪੁਲਿਸ ਪ੍ਰਸ਼ਾਸ਼ਨ ਉੱਤੇ ਕੋਈ ਕਾਰਵਾਈ ਨਾਂ ਕਰਨ ਦੇ ਇਲਜ਼ਾਮ ਲਾਉਂਦਿਆਂ ਕਿਹੈ ਕਿ ਉਹਨਾਂ ਨੇ ਆਪਣੀ ਲੜਕੀ ਨਾਲ ਹੋਏ ਮਾੜੇ ਵਰਤਾਰੇ ਅਤੇ ਉਸ ਵੱਲੋਂ ਲਿਖੇ ਗਏ ਸੁਸਾਇਡ ਨੋਟ ਨੂੰ ਲੈ ਕੇ ਜਦ ਫਰੀਦਕੋਟ ਪੁਲਿਸ ਪਾਸ ਕਾਰਵਾਈ ਕਰਵਾਉਣ ਗਏ ਤਾਂ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ।
ਇਸ ਪੂਰੇ ਮਾਮਲੇ ਬਾਰੇ ਜਦੋਂ ਐਸਪੀ ਅਪ੍ਰੇਸ਼ਨ ਫਰੀਦਕੋਟ ਭੁਪਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿਚ ਆਇਆ ਹੈ। ਉਹਨਾਂ ਕਿਹਾ ਕਿ ਪੁਲਿਸ ਵਿਭਾਗ ਵਿਚ ਤੈਨਾਤ ਦਰਜਾ ਚਾਰ ਕਰਮਚਾਰੀ ਦੀ ਬੇਟੀ ਦੀ ਅੱਜ ਕਰੋਨਾਂ ਕਾਰਨ ਮੌਤ ਹੋਈ ਹੈ ਪਰ ਉਸ ਦੇ ਮਾਪਿਆ ਵੱਲੋਂ ਸਹੁਰੇ ਪਰਿਵਾਰ ਤੇ ਕੁਝ ਦੋਸ਼ ਲਗਾਏ ਗਏ ਹਨ ਜਿੰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।