ਮੇਹੁਲ ਚੌਕਸੀ ਕੋਲ ਡੋਮੀਨਿਕਾ ਦੀ ਨਾਗਰਿਕਤਾ ਨਾਂ ਹੋਣ ਕਰਕੇ ਭਾਰਤ ਹਵਾਲਗੀ ਦਾ ਰਾਹ ਹੋਇਆ ਪੱਧਰਾ, ਜਲਦੀ ਹੋਵੇਗੀ ਹਵਾਲਗੀ।
ਨਵੀਂ ਦਿੱਲੀ (ਬਿਊਰੋ ਰਿਪੋਰਟ) ਪੀ.ਐਨ.ਬੀ ਬੈਂਕ ਘੁਟਾਲਾ ਕਰਕੇ ਭਗੋੜਾ ਹੋਇਆ ਹੀਰਾ ਵਪਾਰੀ ਮੇਹੁਲ ਚੌਕਸੀ ਨੂੰ ਡੋਮੀਨਿਕਾ ‘ਚ ਕਾਬੂ ਕਰ ਲਿਆ ਗਿਆ ਹੈ। ਐਂਟੀਗਾ ਅਤੇ ਬਾਰਬੂਡਾ ਦੇ ਪ੍ਰਧਾਨ ਮੰਤਰੀ ਗੈਸਟਨ ਬਰਾਊਨ ਨੇ ਕਿਹੈ ਕਿ ਡੋਮੀਨਿਕਾ ਵਿੱਚ ਕਾਬੂ ਕੀਤੇ ਭਾਰਤੀ ਹੀਰਾ ਵਪਾਰੀ ਮੇਹੁਲ ਚੌਕਸੀ ਨੂੰ ਵਾਪਿਸ ਭਾਰਤ ਭੇਜਿਆ ਜਾਵੇਗਾ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਡੋਮਿਨਿਕਾ ਨੂੰ ਕਹਿ ਦਿੱਤਾ ਹੈ ਕਿ ਮੇਹੁਲ ਨੂੰ ਏਂਟੀਗਾ ਅਤੇ ਬਾਰਬੂਡਾ ਨਾ ਭੇਜ ਕੇ ਸਿੱਧੇ ਭਾਰਤ ਦੇ ਹਵਾਲੇ ਕਰ ਦਿੱਤਾ ਜਾਵੇ ਕਿਓਂਕਿ ਇੱਥੇ ਉਨ੍ਹਾਂ ਨੂੰ ਨਾਗਰਿਕ ਵਜੋਂ ਕਾਨੰਨੀ ਅਤੇ ਸੰਵਿਧਾਨਕ ਸੁਰੱਖਿਆ ਹਾਸਲ ਹੈ। ਜਿਕਰਯੋਗ ਹੈ ਕਿ 13,500 ਕਰੋੜ ਰੁਪਏ ਦੇ ਪੀਐੱਨਬੀ ਘੋਟਾਲੇ ਵਿੱਚ ਮੁਲਜ਼ਮ ਮੇਹੁਲ ਐਤਵਾਰ ਨੂੰ ਏਂਟੀਗਾ ਅਤੇ ਬਾਰਬੂਡਾ ਤੋਂ ਲਾਪਤਾ ਹੋ ਗਏ ਸਨ ਜਿਸ ਤੋਂ ਬਾਅਦ ਉਸਦੀ ਤਲਾਸ਼ ਕੀਤੀ ਜਾ ਰਹੀ ਸੀ। ਖ਼ਬਰ ਏਜੰਸੀ ਏਐੱਨਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਬਰਾਊਨ ਨੇ ਕਿਹਾ, “ਸਾਡਾ ਦੇਸ਼ ਮੇਹੁਲ ਚੌਕਸੀ ਨੂੰ ਸਵੀਕਾਰ ਨਹੀਂ ਕਰੇਗਾ”।
ਉਨ੍ਹਾਂ ਕਿਹਾ ਕਿ ਅਸੀਂ ਭਾਰਤ ਨੂੰ ਇਤਲਾਹ ਦੇ ਦਿੱਤੀ ਹੈ ਅਤੇ ਉਨ੍ਹਾਂ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਜਾਵੇਗਾ। ਮੇਹੁਲ ਚੌਕਸੀ ਨੇ ਜਨਵਰੀ 2018 ਦੇ ਪਹਿਲੇ ਹਫ਼ਤੇ ਵਿੱਚ ਭਾਰਤ ਤੋਂ ਭੱਜਣ ਤੋਂ ਪਹਿਲਾਂ 2017 ਵਿੱਚ ਹੀ ਕੈਰੇਬੀਆਈ ਦੇਸ਼ ਏਂਟੀਗਾ ਅਤੇ ਬਾਰਬੂਡਾ ਵਿੱਚ ਪੂੰਜੀ-ਨਿਵੇਸ਼ ਪ੍ਰੋਗਰਾਮ ਰਾਹੀਂ ਨਾਗਰਿਕਤਾ ਹਾਸਿਲ ਕਰ ਲਈ ਸੀ। ਉਨ੍ਹਾਂ ਨੇ ਕਿਹਾ, ” ਚੌਕਸੀ ਨੇ ਡੋਮੀਨਿਕਾ ਦੀ ਨਾਗਰਿਕਤਾ ਨਹੀਂ ਲਈ ਹੈ ਇਸ ਲਈ ਡੋਮਿਨਿਕਾ ਨੂੰ ਉਨ੍ਹਾਂ ਦੀ ਹਵਾਲਗੀ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ।” ਖ਼ਬਰ ਏਜੰਸੀ ਏਐੱਨਆਈ ਦੇ ਮੁਤਾਬਕ, ਇਸ ਤੋਂ ਪਹਿਲਾਂ ਬੁੱਧਵਾਰ ਰਾਤ ਨੂੰ ਚੌਕਸੀ ਦੇ ਵਕੀਲ ਨੇ ਪੁਸ਼ਟੀ ਕੀਤੀ ਸੀ ਕਿ ਉਹ ਡੋਮਿਨਿਕਾ ਵਿੱਚ ਮਿਲੇ ਹਨ।