ਟਰਾਂਸਪੋਰਟ ਵਿਭਾਗ ਦੇ ਜੁਰਮਾਨੇ ਮੁਆਫ ਕਰਾਉਣ ਲਈ ਕੈਪਟਨ ਦੀਆਂ ਲੇਲੜੀਆਂ ਕੱਢਦੈ, ਕਿਹੜੀ ਅਣਖ ਦੀਆਂ ਗੱਲਾਂ ਕਰਦੈ ਬੰਟੀ ਰੋਮਾਣਾ ?
ਹਮੇਸ਼ਾ ਫਰੀਦਕੋਟ ਦੇ ਵਿਕਾਸ ਕਾਰਜਾਂ ‘ਚ ਬਣਦੇ ਰਹੇ ਅੜਿੱਕਾ,
(BB1INDIA ਲਈ ਫਰੀਦਕੋਟ ਤੋਂ ਹਰਸਿਮਰਨ ਸੰਧੂ ਦੀ ਰਿਪੋਰਟ)
ਯੂਥ ਕਾਂਗਰਸੀ ਬਲਕਰਨ ਨੰਗਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸੀਨੀਅਰ ਅਕਾਲੀ ਆਗੂ ਅਤੇ ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਖਿਲਾਫ ਵੱਡੇ ਇਲਜ਼ਾਮ ਲਾਏ ਹਨ। ਨੰਗਲ ਨੇ ਕਿਹਾ ਕਿ ਬੰਟੀ ਰੋਮਾਣਾ ਆਪਣੀ ਵਿਧਾਨ ਸਭਾ ਟਿਕਟ ਪੱਕੀ ਕਰਨ ਲਈ ਬੌਖਲਾਹਟ ‘ਚ ਫਰੀਦਕੋਟ ਦੇ ਵਿਧਾਇਕ ਕਿੱਕੀ ਢਿੱਲੋਂ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀਆਂ ਝੂਠੀਆਂ ਸ਼ਿਕਾਇਤਾਂ ਕਰਕੇ ਵਿਕਾਸ ਕਾਰਜਾਂ ‘ਚ ਅੜਿੱਕਾ ਪਾ ਰਹੇ ਹਨ ਅਤੇ ਸੁਖਬੀਰ ਬਾਦਲ ਕੋਲ ਨੰਬਰ ਬਣਾਉਣ ਲਈ ਬਚਕਾਨਾ ਰਾਜਨੀਤੀ ਤੇ ਉੱਤਰੇ ਹੋਏ ਹਨ।
ਬਲਕਰਨ ਨੰਗਲ ਨੇ ਦਾਅਵਾ ਕੀਤਾ ਕਿ ਪਿਛਲੇ 4 ਸਾਲਾਂ ਦੌਰਾਨ ਫਰੀਦਕੋਟ ਹਲਕੇ ਵਿੱਚ ਵੱਖ-ਵੱਖ ਵਿਭਾਗਾਂ ਦੇ 470 ਕਰੋੜ ਰੁਪਏ ਦੇ ਵਿਕਾਸ ਕਾਰਜ ਹੋਏ ਹਨ ਜਿਸ ਕਰਕੇ ਅਕਾਲੀ ਆਗੂ ਬੰਟੀ ਰੋਮਾਣਾ ਬੌਖਲਾਹਟ ਵਿੱਚ ਹਨ ਕਿਉਂਕਿ ਅਕਾਲੀ-ਭਾਜਪਾ ਗਠਜੋੜ ਦੇ 10 ਸਾਲਾਂ ਦੇ ਰਾਜਭਾਗ ਦੌਰਾਨ ਬੰਟੀ ਰੋਮਾਣਾ ਨੇ ਲਗਾਤਰ ਸੱਤਾ ਦਾ ਅਨੰਦ ਮਾਣਿਆ ਪਰ ਫਰੀਦਕੋਟ ਦਾ ਕੋਈ ਵਿਕਾਸ ਨਹੀਂ ਕੀਤਾ ਜਿਸ ਕਰਕੇ ਉਨ੍ਹਾਂ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤੀਜੇ ਨੰਬਰ ਤੇ ਰਹਿਣਾ ਪਿਆ।
ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਬੰਟੀ ਰੋਮਾਣਾ ਲੋਕ ਆਗੂ ਨਹੀਂ ਬਲਕਿ ਚਮਚਾਗਿਰੀ ਕਰਕੇ ਅਕਾਲੀ ਉਮੀਦਵਾਰ ਬਣੇ ਅਤੇ ਹੁਣ ਜਦੋਂ ਉਸਨੂੰ ਆਪਣੀ ਉਮੀਦਵਾਰੀ ਖੁਸਦੀ ਨਜਰ ਆ ਰਹੀ ਹੈ ਤਾਂ ਇਸ ਨੂੰ ਬਚਾਉਣ ਲਈ ਉਹ ਬੌਖਲਾਹਟ ‘ਚ ਕਿੱਕੀ ਢਿੱਲੋਂ ਦੀ ਮੁਖਾਲਫ਼ਤ ਕਰਕੇ ਆਪਣੀ ਟਿਕਟ ਪੱਕੀ ਕਰਨ ਦੀ ਕੋਸ਼ਿਸ਼ ਵਿੱਚ ਹਨ। ਬਲਕਰਨ ਨੰਗਲ ਨੇ ਕਿਹਾ ਕਿ ਬੰਟੀ ਰੋਮਾਣਾ ਵੱਲੋਂ ਅਕਾਲੀ ਦਲ ਦੇ ਰਾਜ ਦੌਰਾਨ ਵੀ ਵਿਕਾਸ ਕਾਰਜਾਂ ‘ਚ ਅੜਿੱਕਾ ਪਾਉਣ ਦਾ ਕੰਮ ਕੀਤਾ ਜਿਸ ਕਰਕੇ ਅੱਜ ਤੱਕ ਉਹ ਇੱਕ ਵੀ ਚੋਣ ਨਹੀਂ ਜਿੱਤੇ ਅਤੇ ਹੁਣ ਉਹ ਕਾਂਗਰਸ ਸਰਕਾਰ ਦੇ ਵਿਕਾਸ ਕਾਰਜਾਂ ਵਿੱਚ ਅੜਿੱਕੇ ਖੜ੍ਹੇ ਕਰ ਰਹੇ ਹਨ।
ਨੰਗਲ ਨੇ ਦਾਅਵਾ ਕਰਦਿਆਂ ਕਿਹਾ ਕਿ ਅਕਾਲੀ ਦਲ ਵੱਲੋਂ 10 ਸਾਲਾਂ ਦੌਰਾਨ ਪੰਜਾਬ ਦਾ ਖਜ਼ਾਨਾ ਖਾਲੀ ਕਰਨ ਕਰਕੇ ਵਿਕਾਸ ਕਾਰਜ ਨਹੀਂ ਹੋ ਸਕਦੇ ਸਨ, ਪਰ ਅਸੀਂ ਆਪਣੀ ਸੂਝ-ਬੂਝ ਨਾਲ ਫਰੀਦਕੋਟ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਹਨ ਜਿਸ ਨੂੰ ਬੰਟੀ ਰੋਮਾਣਾ, ਖੁਦ ਸੁਖਬੀਰ ਬਾਦਲ ਅਤੇ ਅਖੀਰ ਵਿੱਚ ਹਰਸਿਮਰਤ ਕੌਰ ਬਾਦਲ ਨੇ ਬਤੌਰ ਕੇਂਦਰੀ ਮੰਤਰੀ ਫ਼ਰੀਦਕੋਟ ਦੇ ਵਿਕਾਸ ਕਾਰਜਾਂ ਨੂੰ ਰੋਕਣ ਖਾਤਰ ਸ਼ਿਕਾਇਤਾਂ ਕੀਤੀਆਂ ਜਿਹੜੀਆਂ ਇਨਕੁਆਰੀਆਂ ਤੋਂ ਬਾਅਦ ਝੂਠੀਆਂ ਸਾਬਿਤ ਹੋਈਆਂ।
ਨੰਗਲ ਨੇ ਕਿਹਾ ਕਿ ਅਣਖ ਦੀਆਂ ਗੱਲਾਂ ਕਰਨ ਵਾਲੇ ਬੰਟੀ ਰੋਮਾਣਾ ਦੀ ਅਸਲੀਅਤ ਇਹ ਹੈ ਕਿ ਉਸ ਵੱਲ ਟਰਾਂਸਪੋਰਟ ਵਿਭਾਗ ਦਾ 98 ਲੱਖ ਰੁਪਏ ਦਾ ਟੈਕਸ ਬਕਾਇਆ ਖੜ੍ਹਾ ਹੈ ਅਤੇ ਭਰਿਆ ਨਹੀਂ ਗਿਆ ਹੁਣ ਇਸਨੇ ਕੈਪਟਨ ਅਮਰਿੰਦਰ ਸਿੰਘ ਦੀਆਂ ਲੇਲੜ੍ਹੀਆਂ ਕੱਢ ਕੇ ਜੁਰਮਾਨਾ ਮੁਆਫ ਕਰਵਾਇਆ ਅਤੇ 76 ਲੱਖ ਕਰਵਾ ਲਿਆ ਪਰ ਉਸ ਵਿੱਚੋਂ ਵੀ ਸਿਰਫ਼ 15 ਲੱਖ ਰੁਪਏ ਹੀ ਭਰਿਆ ਹੈ।