ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

28
SHARE
-15 ਨਵੰਬਰ ਨੂੰ ਹੋਵੇਗ ਮੁੱਖ ਸਮਾਗਮ: ਸੰਧੂ, ਭਾਈ ਜਸਪਾਲ

ਫਿਰੋਜ਼ਪੁਰ (ਮਨੋਹਰ ਲਾਲ) ਵਿਸ਼ਵ ਭਰ ਵਿਚ ਆਪਣੀ ਸ਼ਹੀਦੀ ਦੀ ਅਨੋਖੀ ਮਿਸਾਲ ਪੈਦਾ ਕਰਨ ਵਾਲੇ ਕੌਮ ਦੇ ਮਹਾਨ ਸ਼ਹੀਦ ਯੋਧੇ ਧੰਨ ਧੰਨ ਬਾਬਾ ਦੀਪ ਸਿੰਘ ਦਾ ਮਹਾਨ ਸ਼ਹੀਦੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਬੰਧਕ ਕਮੇਟੀ ਗੁਰਦੁਆਰਾ ਭਾਈ ਹਾਕਮ ਸਿੰਘ ਅਤੇ ਇਲਾਕੇ ਭਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।

ਚੱਲ ਰਹੀ ਅਖੰਡ ਪਾਠਾਂ ਦੀ ਲੜੀ ਅਤੇ ਪ੍ਰਭਾਤ ਫੇਰੀਆਂ ਉਪਰੰਤ ਅੱਜ ਇਸ ਦਿਹਾੜੇ ਨੂੰ ਸਮਰਪਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਇਲਾਕੇ ਦੀ ਧਾਰਮਿਕ ਸਖਸ਼ੀਅਤ ਭਗਤ ਬਾਬਾ ਮਿਲਖਾ ਸਿੰਘ ਜੀ ਵੀ ਉਚੇਚੇ ਤੌਰ ਤੇ ਸ਼ਾਮਲ ਹੋਏ। ਫੁੱਲਾਂ ਨਾਲ ਸਜਾਈ ਗਈ ਪਾਲਕੀ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਸ਼ੋਭਤ ਕਰ ਪੰਜ ਪਿਆਰਿਆਂ ਦੀ ਅਗਵਾਈ ਵਿਚ ਇਹ ਨਗਰ ਕੀਰਤਨ ਗੁਰਦੁਆਰਾ ਭਾਈ ਹਾਕਮ ਸਿੰਘ ਤੋਂ ਸ਼ੁਰੂ ਹੋ ਕੇ ਮੱਖੂ ਗੇਟ, ਬਾਂਸੀ ਗੇਟ, ਅੰਮ੍ਰਿਤਸਰੀ ਗੇਟ, ਕਸੂਰੀ ਗੇਟ, ਮੁਲਤਾਨੀ ਗੇਟ, ਚੋਂਕ ਸ਼ਹੀਦ ਊਧਮ ਸਿੰਘ, ਬਾਬਾ ਨਾਮ ਦੇਵ ਚੋਂਕ, ਬੱਸ ਸਟੈਂਡ, ਅੱਛੇਵਾਲਾ ਰੋਡ, ਹਾਕੇ ਵਾਲਾ, ਜ਼ੀਰਾ ਗੇਟ ਤੋਂ ਹੁੰਦਾ ਹੋਇਆ ਸ਼ਾਮ ਨੂੰ ਵਾਪਸ ਗੁਰਦੁਆਰਾ ਸਾਹਿਬ ਪਹੁੰਚਿਆ। ਪਾਲਕੀ ਸਾਹਿਬ ਦੇ ਅੱਗੇ ਅੱਗੇ ਚੱਲ ਰਿਹਾ ਫੌਜ਼ੀ ਬੈਂਡ ਅਤੇ ਗਤਕਾ ਟੀਮ ਇਸ ਦੀ ਸ਼ਾਨ ਵਿਚ ਹੋਰ ਵੀ ਵਾਧਾ ਕਰ ਰਹੇ ਸਨ।

ਸੰਗਤਾਂ ਵੱਲੋਂ ਇਸ ਨਗਰ ਕੀਰਤਨ ਦੇ ਸਵਾਗਤ ਲਈ ਜਿਥੇ ਸਵਾਗਤੀ ਗੇਟ ਬਣਾਏ ਗਏ ਉਥੇ ਥਾਂ ਥਾਂ ਤੇ ਫਲਾਂ, ਮਠਿਆਈਆਂ, ਗੁਰੂ ਕੇ ਲੰਗਰ ਅਤੇ ਚਾਹ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕਰਨੈਲ ਸਿੰਘ ਸੰਧੂ ਅਤੇ ਸਰਪ੍ਰਸਤ ਭਾਈ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਸ਼ਹੀਦੀ ਦਿਹਾੜੇ ਦਾ ਮੁੱਖ ਸਮਾਗਮ 15 ਨਵੰਬਰ ਦਿਨ ਬੁੱਧਵਾਰ ਨੂੰ ਮੱਖੂ ਗੇਟ ਦੇ ਖੁੱਲ੍ਹੇ ਪੰਡਾਲ ਵਿਚ ਹੋਵੇਗਾ। ਜਿਸ ਵਿਚ ਜਿਥੇ ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਭਾਈ ਬਿਲੰਬਰ ਸਿੰਘ ਜੀ ਸਾਰਾਗੜ੍ਹੀ ਵਾਲੇ, ਭਾਈ ਬਲਿਹਾਰ ਸਿੰਘ ਜੀ ਡੇਰੇ ਵਾਲੇ, ਭਾਈ ਕੁਲਦੀਪ ਸਿੰਘ ਜੀ ਅਤੇ ਬੀਬੀ ਪਰਵਿੰਦਰਕੌਰ ਦੇ ਜਥੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ, ਉਥੇ ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਬਲਦੇਵ ਸਿੰਘ ਐੱਮਏ ਢਾਡੀ ਵਾਰਾਂ ਰਾਹੀਂ ਬਾਬਾ ਜੀ ਦੀ ਜੀਵਨੀ ਅਤੇ ਸ਼ਹੀਦੀ ਤੇ ਚਾਨਣਾ ਪਾ ਕੇ ਸੰਗਤ ਸੇਵਾ ਕਰੇਗਾ। ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ। ਇਸ ਨਗਰ ਕੀਰਤਨ ਵਿਚ ਹੋਰਨਾਂ ਤੋਂ ਇਲਾਵਾ ਕਰਨੈਲ ਸਿੰਘ ਸੰਧੂ, ਕਿੱਕਰ ਸਿੰਘ ਸੰਧੂ, ਭਾਈ ਜਸਪਾਲ ਸਿੰਘ, ਬਾਬਾ ਮੁਖਤਿਆਰ ਸਿੰਘ, ਸੁਰਜੀਤ ਸਿੰਘ, ਨਿਰਮਲ ਸਿੰਘ, ਸੁਖਵੀਰ ਸਿੰਘ ਸੰਧੂ, ਅਨੂਪ ਸਿੰਘ ਭੁੱਲਰ, ਸੁਖਬੀਰ ਸਿੰਘ ਨਾਗਪਾਲ, ਗੁਰਨਾਮ ਸਿੰਘ, ਗੁਰਚਰਨ ਸਿੰਘ ਬਾਵਾ, ਪਰਵਿੰਦਰ ਸਿੰਘ ਪ੍ਰਿੰਸ, ਪ੍ਰਗਟ ਸਿੰਘ, ਰਾਹੁਲ ਨਰੂਲਾ, ਗੁਰਦਾਸ ਸਹਿਗਲ, ਗੁਰਮੀਤ ਸਿੰਘ, ਜੋਗਿੰਦਰ ਸਿੰਘ, ਜਸਬੀਰ ਸਿੰਘ, ਮਹਿਲ ਸਿੰਘ ਸਮੇਤ ਹੋਰ ਆਗੂ ਵੀ ਹਾਜ਼ਰ ਸਨ।

LEAVE A REPLY