ਫਰੀਦਕੋਟ (ਬਿਊਰੋ) ਫਰੀਦਕੋਟ ਪੁਲਿਸ ਵੱਲੋਂ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਨਾਂ ਤੇ ਇੱਕ ਮੈਡੀਕਲ ਸਟੋਰ ਮਾਲਕ ਤੋਂ ਪੰਜ ਲੱਖ ਰੁਪਏ ਦੀ ਫਿਰੋਤੀ ਮੰਗਣ ਦੇ ਦੋਸ਼ਾਂ ਹੇਠ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ. ਇਸ ਬਾਰੇ ਪ੍ਰੈੱਸ ਕਾਨਫਰੰਸ ਦੌਰਾਨ ਵਿਸਥਾਰ ਚ’ ਜਾਣਕਾਰੀ ਦਿੰਦਿਆਂ ਜਿਲ੍ਹਾ ਪੁਲਿਸ ਮੁਖੀ ਡਾ.ਨਾਨਕ ਸਿੰਘ ਨੇ ਦੱਸਿਆ ਕਿ ਨਿਊ ਮੈਡੀਕਲ ਹਾਲ ਫਰੀਦਕੋਟ ਦੇ ਮਾਲਕ ਕੁਲਦੀਪ ਕੁਮਾਰ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਨਾਂ ਹੇਠ 20 ਨਵੰਬਰ ਨੂੰ ਇੱਕ ਪੱਤਰ ਮਿਲਿਆ ਜਿਸ ਵਿੱਚ ਪ੍ਰੀਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੰਦਿਆਂ ਪੰਜ ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਜਿਹੜਾ ਇੱਕ ਛੋਟੇ ਬੱਚੇ ਰਾਹੀਂ ਪਹੁੰਚਾਇਆ ਗਿਆ ਸੀ. ਪੁਲਿਸ ਵੱਲੋਂ ਇਸ ਬਾਬਤ ਮੁਕੱਦਮਾ ਨੰਬਰ 261 ਅਧੀਨ ਧਾਰਾ 286, 287 ਅਤੇ 506 ਦਰਜ਼ ਕਰਕੇ ਅਕਾਸ਼ਦੀਪ ਸਿੰਘ ਅਤੇ ਸਿਕੰਦਰ ਸਿੰਘ ਵਾਸੀ ਫਰੀਦਕੋਟ ਨੂੰ ਹਿਰਾਸਤ ਚ’ ਲਿਆ ਗਿਆ ਜਿਨ੍ਹਾਂ ਤੋਂ ਪੁੱਛਗਿੱਛ ਦੌਰਾਨ ਇਨ੍ਹਾਂ ਨੇ ਉਕਤ ਗੁਨਾਹ ਕਬੂਲ ਕੀਤਾ ਹੈ.
ਇਸ ਸਬੰਧ ਚ’ ਥਾਣਾ ਸਿਟੀ ਇੰਚਾਰਜ਼ ਜਗਦੇਵ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੂੰ ਐਤਵਾਰ ਨੂੰ ਡਿਉਟੀ ਮਜਿਸਟ੍ਰੇਟ ਦੀ ਅਦਾਲਤ ਚ’ ਪੇਸ਼ ਕੀਤਾ ਜਾਵੇਗਾ ਅਤੇ ਆਸ ਹੈ ਇਨ੍ਹਾਂ ਤੋਂ ਹੋਰ ਸੁਰਾਗ ਮਿਲ ਸਕਦੇ ਹਨ.