*ਡਿਸਪੋਜਲ ਪਲਾਸਟਿਕ ਕੱਪ, ਸਪੂਨ, ਪਲਾਸਟਿਕ ਤੋਂ ਬਣੇ ਲਿਫਾਫਿਆਂ ਨੂੰ ਬਨਾਉਣ, ਸਟੋਰ ਕਰਨ, ਵੇਚਣ ਅਤੇ ਵਰਤੋਂ ਕਰਨ ਤੇ ਪੂਰਨ ਪਾਬੰਦੀ
**ਹੁਕਮ 23 ਜਨਵਰੀ 2018 ਤੱਕ ਰਹਿਣਗੇ ਲਾਗੂ
ਫਰੀਦਕੋਟ (ਡਿੰਪੀ ਸੰਧੂ) ਸ੍ਰੀ ਕੇਸ਼ਵ ਹਿੰਗੋਨੀਆ, ਆਈ.ਏ.ਐਸ ਵਧੀਕ ਜ਼ਿਲਾ ਮੈਜਿਸਟ੍ਰੇਟ ਫਰੀਦਕੋਟ ਜਾਬਤਾ ਫੌਜਦਾਰੀ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਫਰੀਦਕੋਟ ਦੀ ਹਦੂਦ ਅੰਦਰ ਕੋਈ ਵੀ ਅਸਲਾ ਲਾਈਸੈਂਸ ਹੋਲਡਰ ਵੱਲੋਂ ਅਸਲਾ ਡੱਬ ਵਿੱਚ ਛੁਪਾ ਕੇ ਚੱਲਣ ਆਦਿ ਤੇ ਪਾਬੰਦੀ ਦੇ ਹੁਕਮ ਜਾਰੀ ਕੀਤਾ ਹੈ। ਇਹ ਹੁਕਮ 23 ਜਨਵਰੀ 2018 ਤੱਕ ਲਾਗੂ ਰਹਿਣਗੇ।
ਜਾਰੀ ਹੁਕਮਾਂ ਅਨੁਸਾਰ ਜ਼ਿਲਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ, ਐਸ.ਐਸ.ਪੀ, ਸਮੂਹ ਉਪ ਮੰਡਲ ਮੈਜਿਸਟ੍ਰੇੇਟਾਂ ਅਤੇ ਜੂਡੀਸ਼ੀਅਲ ਕੰਪਲੈਕਸ ਦੇ ਦਫਤਰਾਂ ਦੀ ਬਾਉਂਡਰੀ ਦੇ ਅੰਦਰ ਅਤੇ ਜਨਤਕ ਥਾਵਾਂ ਜਿਵੇਂ ਕਿ ਮੈਰਿਜ ਪੈਲੇਸ, ਹੋਟਲ, ਸਰਾਂ, ਢਾਬਿਆਂ, ਹਸਪਤਾਲਾਂ ਆਦਿ ਅਤੇ ਜਿਆਦਾ ਭੀੜ ਵਾਲੇ ਇਲਾਕਿਆ, ਧਾਰਮਿਕ ਸਥਾਨਾਂ ਅਤੇ ਮੇਲਿਆਂ ਆਦਿ ਤੇ ਲਾਈਸੈਂਸੀ ਹਥਿਆਰ ਲਿਜਾਣ ਅਤੇ ਪ੍ਰਦਰਸ਼ਨ ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ ਅਤੇ ਇਸ ਦੇ ਨਾਲ ਹੀ ਪੂਰੇ ਜ਼ਿਲਾ ਫਰੀਦਕੋਟ ਦੀ ਹਦੂਦ ਅੰਦਰ ਕੋਈ ਵੀ ਅਸਲਾ ਲਾਈਸੈਂਸ ਹੋਲਡਰ ਵੱਲੋਂ ਅਸਲਾ ਡੱਬ ਵਿਚ ਛੁਪਾਕੇ ਚੱਲਣ ਤੇ ਵੀ ਪਾਬੰਦੀ ਲਗਾਈ ਗਈ ਹੈ, ਪਰ ਜੇਕਰ ਅਜਿਹੇ ਲਾਈਸੈਂਸ ਹੋਲਡਰ ਜੇਕਰ ਅਸਲਾ ਨਾਲ ਲੈ ਕੇ ਚੱਲਣਾ ਚਾਹੁੰਦੇ ਹਨ, ਤਾਂ ਉਨਾਂ ਦਾ ਅਸਲਾ ਬੈਲਟ ਲਗਾ ਕੇ ਕਵਰ ਵਿਚ ਹੋਣਾ ਚਾਹੀਦਾ ਹੈ ਤੇ ਨਜ਼ਰ ਆਉਣਾ ਚਾਹੀਦਾ ਹੈ, ਤਾਂ ਕਿ ਛੁਪਾ ਕੇ ਬਿਨਾਂ ਲਾਈਸੈਂਸ ਗਲਤ ਰੱਖਣ ਵਾਲਿਆਂ ਨੂੰ ਕਾਬੂ ਕੀਤਾ ਜਾ ਸਕੇ। ਇਸ ਦੇ ਨਾਲ ਹੀ ਨੰਗੀਆਂ ਤਲਵਾਰਾਂ, ਬਰਸ਼ੇ ਅਤੇ ਕਿਸੇ ਵੀ ਤਰਾ ਦੇ ਤੇਜ਼ਧਾਰ ਹਥਿਆਰ ਲੈ ਕੇ ਚੱਲਣ ਅਤੇ ਉਨਾਂ ਦੇ ਪ੍ਰਦਰਸ਼ਨ ਤੇ ਵੀ ਪਾਬੰਦੀ ਲਗਾਈ ਗਈ ਹੈ। ਇਕ ਹੋਰ ਹੁਕਮ ਰਾਹੀਂ ਮਕਾਨ ਮਾਲਕਾਂ, ਕਾਰਖਾਨੇਦਾਰਾਂ, ਹੋਟਲਾਂ, ਖੇਤੀਬਾੜੀ ਫਾਰਮਾਂ ਆਦਿ ਦੇ ਮਾਲਕਾਂ ਵੱਲੋਂ ਕੋਈ ਵੀ ਨਵਾਂ ਕਿਰਾਏਦਾਰ ਜਾਂ ਕਿਸੇ ਉਦਯੋਗਿਕ, ਸਨਅਤੀ ਅਦਾਰੇ ਜਾਂ ਖੇਤੀਬਾੜੀ ਨਾਲ ਸਬੰਧਤ ਲਈ ਕੋਈ ਅਜਨਬੀ ਵਿਅਕਤੀ ਨੂੰ ਕੱਚੇ ਜਾਂ ਪੱਕੇ ਤੌਰ ਤੇ ਰੱਖਣ ਤੇ ਉਸਦੀ ਪੂਰੀ ਸਹੀ ਸੂਚਨਾਂ ਵਿਅਕਤੀ ਦਾ ਨਾਂ, ਪਤਾ ਫੋਟੋ ਆਦਿ ਨਜ਼ਦੀਕੀ ਥਾਣੇ ਜਾਂ ਚੌਕੀ ਵਿਚ ਤੁਰੰਤ ਦਰਜ ਕਰਵਾਈ ਜਾਵੇ।
ਸ੍ਰੀ ਹਿੰਗੋਨੀਆ ਵਧੀਕ ਜ਼ਿਲਾ ਮੈਜਿਸਟ੍ਰੇਟ ਫਰੀਦਕੋਟ ਨੇ ਇਕ ਹੋਰ ਹੁਕਮ ਰਾਹੀਂ ਜ਼ਿਲਾ ਫਰੀਦਕੋਟ ਦੀ ਹਦੂਦ ਅੰਦਰ ਪੈਂਦੇ ਪਿੰਡਾਂ ਵਿਚ ਪਾਵਰ ਟਰਾਂਸਮਿਸ਼ਨ ਲਾਈਨਾਂ, ਸਬ ਸਟੇਸਨ ਅਤੇ ਟਰਾਂਸਫਰਮਰਜ਼, ਸਰਕਾਰੀ ਪ੍ਰਾਪਰਟੀ, ਸਰਕਾਰੀ ਦਫਤਰਾਂ, ਸਰਕਾਰੀ ਸੰਸਥਾਵਾਂ ਨੂੰ ਸੰਭਾਵਿਤ ਤੋੜ ਫੋੜ ਤੋ ਬਚਾਉਣ ਲਈ ਨਰੋਈ ਸਿਹਤ ਵਾਲੇ ਵਿਅਕਤੀਆਂ ਨੂੰ 24 ਘੰਟੇ ਠੀਕਰੀ ਪੈਹਿਰਾ ਲਗਾਉਣ ਲਈ ਹੁਕਮ ਜਾਰੀ ਕੀਤੇ ਹਨ। ਇਕ ਹੋਰ ਹੁਕਮ ਰਾਹੀ ਵਧੀਕ ਜ਼ਿਲਾ ਮੈਜਿਸਟਰੇਟ ਫਰੀਦਕੋਟ ਨੇ ਮੈਨੂਫੈਕਚਰਜ, ਯੂਜਿਜ ਐਂਡ ਡਿਸਪੋਜਲ ਕੰਟਰੋਲ ਐਕਟ 2005 ਦੇ ਪੈਰਾ ਨੰ: 7 ਮੁਤਾਬਿਕ ਕੀਤੀ ਗਈ ਸੋਧ ਅਨੁਸਾਰ ਜ਼ਿਲਾ ਫਰੀਦਕੋਟ ਵਿੱਚ ਪਲਾਸਟਿਕ ਤੋਂ ਬਣੀਆਂ ਚੀਜ਼ਾ ਜਿਵੇਂ ਡਿਸਪੋਜਲ ਪਲਾਸਟਿਕ ਕੱਪ, ਸਪੂਨ, ਪਲਾਸਟਿਕ ਤੋਂ ਬਣੇ ਲਿਫਾਫਿਆਂ ਆਦਿ ਨੂੰ ਬਨਾਉਣ, ਸਟੋਰ ਕਰਨ, ਵੇਚਣ ਅਤੇ ਵਰਤੋਂ ਕਰਨ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਜ਼ਿਲਾ ਫਰੀਦਕੋਟ ਦੀਆਂ ਸੀਮਾਵਾਂ ਅੰਦਰ ਲਾਉਡ-ਸਪੀਕਰ ਤੇ ਉੱਚੀ ਅਵਾਜ਼ ਵਿੱਚ ਚਲਾਏ ਜਾਣ ਵਾਲੇ ਮਿਊਜ਼ਕ, ਧਮਾਕਾ ਕਰਨ ਵਾਲੇ ਪਦਾਰਥ, ਗੱਡੀਆਂ ਤੇ ਪ੍ਰੈਸ਼ਰ ਹਾਰਣ ਅਤੇ ਸ਼ੋਰ ਪ੍ਰਦੂਸਣ ਕਰਨ ਵਾਲੇ ਯੰਤਰ ਚਲਾਉਣ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਇਕ ਹੋਰ ਹੁਕਮ ਰਾਹੀਂ ਜ਼ਿਲਾ ਫਰੀਦਕੋਟ ਦੇ ਪੇਂਡੂ ਖੇਤਰਾਂ ਵਿਚ ਕੋਈ ਵੀ ਵਿਅਕਤੀ ਜਾਂ ਪੰਚਾਇਤ ਜ਼ਿਲਾ ਮੈਜਿਸਟ੍ਰੇਟ, ਵਧੀਕ ਜ਼ਿਲਾ ਮੈਜਿਸਟ੍ਰੇਟ ਸਬੰਧਿਤ ਉੱਪ ਮੰਡਲ ਮੈਜਿਸਟ੍ਰੇਟ ਜਾਂ ਸਬੰਧਤ ਬਲਾਕ ਤੇ ਪੰਚਾਇਤ ਅਫਸਰ ਪਾਸੋਂ ਪੂਰਵ ਪ੍ਰਵਾਨਗੀ ਲਏ ਬਿਨਾਂ ਜਨਤਕ ਛੱਪੜ ਨਹੀ ਪੂਰੇਗਾ ਅਤੇ ਫਰੀਦਕੋਟ ਜ਼ਿਲੇ ਵਿਚ ਚੱਲ ਰਹੇ ਸਾਈਬਰ ਕੈਫੇ ਅਤੇ ਕਮਰਸ਼ੀਅਲ ਦੁਕਾਨਾਂ ਵਿੱਚ ਕਿਸੇ ਅਨਜਾਣ ਵਿਅਕਤੀ ਨੂੰ ਸਾਈਬਰ ਕੈਫੇ ਦੀ ਵਰਤੋਂ ਨਾ ਕਰਨ ਦਿੱਤੀ ਜਾਵੇੇ ਅਤੇ ਵਰਤੋਂ ਕਰਨ ਵਾਲੇ ਵਿਅਕਤੀ ਦੀ ਪਛਾਣ ਲਈ ਰਜਿਸਟਰ ਲਗਾਇਆ ਜਾਵੇ ਅਤੇ ਉਸ ਦਾ ਨਾਮ ਅਤੇ ਪਤਾ ਦਰਜ ਕਰਕੇ ਦਸਤਖਤ ਕਰਵਾਏ ਜਾਣ। ਸਾਈਬਰ ਕੈਫੇ ਵਰਤਣ ਵਾਲੇ ਵਿਅਕਤੀ ਦੀ ਸ਼ਨਾਖਤ ਉਸਦੀ ਪਹਿਚਾਣ ਪੱਤਰ, ਵੋਟਰ ਕਾਰਡ, ਰਾਸ਼ਨ ਕਾਰਡ, ਡਰਾਇਵਿੰਗ ਲਾਇਸੰਸ, ਪਾਸਪੋਰਟ ਆਦਿ ਨਾਲ ਕੀਤੀ ਜਾਵੇ। ਐਕਟੀਵਿਟੀ ਸਰਵਰ ਲਾਗ ਮੁੱਖ ਸਰਵਰ ਵਿਚ ਸੁਰੱਖਿਅਤ ਹੋਵੇਗਾ ਅਤੇ 6 ਮਹੀਨੇ ਲਈ ਸੁਰੱਖਿਅਤ ਰੱਖਿਆ ਜਾਵੇਗਾ, ਸਾਈਬਰ ਕੈਫੇ ਵਿਚ ਆਉਣ ਵਾਲੇ ਵਿਅਕਤੀ ਦੀ ਗਤੀਵਿਧੀ ਸ਼ੱਕੀ ਹੋਵੇ ਤਾਂ ਸਬੰਧਤ ਥਾਣੇ ਵਿਚ ਸੂਚਨਾਂ ਦਿੱਤੀ ਜਾਵੇ। ਕਿਸੇ ਵਿਅਕਤੀ ਵੱਲੋਂ ਵਰਤੇ ਗਏ ਵਿਸ਼ੇਸ਼ ਕੰਪਿਊਟਰ ਦਾ ਰਿਕਾਰਡ ਵੀ ਸੁਰੱਖਿਅਤ ਰੱਖਿਆ ਜਾਵੇ। ਇਹ ਸਾਰੇ ਹੁਕਮ 23 ਜਨਵਰੀ 2018 ਤੱਕ ਲਾਗੂ ਰਹਿਣਗੇ। ਜੋ ਵੀ ਇਹਨਾਂ ਹੁਕਮਾਂ ਦੀ ਉਲੰਘਣਾ ਕਰੇਗਾ, ਉਸਦੇ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇਗੀ।