ਵਿੱਦਿਅਕ ਸੰਸਥਾਵਾਂ 17 ਨਵੰਬਰ ਤੱਕ ਭੇਜ ਸਕਦੀਆਂ ਹਨ ਅਰਜ਼ੀਆਂ
ਗਲਤ ਜਾਣਕਾਰੀ ਅੱਪਲੋਡ ਕਰਲ ਵਾਲੀ ਸੰਸਥਾ ਵਿਰੁੱਧ ਹੋਵੇਗੀ ਕਾਰਵਾਈ
ਫ਼ਿਰੋਜ਼ਪੁਰ (ਬਿਉਰੋ) ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਯੋਗ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਆਨਲਾਈਨ ਅਰਜੀਆਂ ਅਪਲਾਈ ਕਰਨ ਦੀ ਮਿਤੀ ਵਿੱਚ 17 ਨਵੰਬਰ 2017 ਤੱਕ ਵਾਧਾ ਕੀਤਾ ਗਿਆ ਹੈ। ਜੇਕਰ ਕਿਸੇ ਵਿਦਿਆਰਥੀ ਨੇ ਆਨਲਾਈਨ ਅਪਲਾਈ ਤਾਂ ਕਰ ਦਿੱਤਾ ਸੀ ਪਰ ਕਿਸੇ ਕਾਰਨ ਉਸ ਦੇ ਲੋੜੀਂਦੇ ਦਸਤਾਵੇਜ਼ ਅੱਪਲੋਡ ਨਹੀਂ ਹੋਏ ਸੀ ਤਾਂ ਅਜਿਹੇ ਵਿਦਿਆਰਥੀਆਂ ਨੂੰ ਵੀ ਆਪਣੇ ਦਸਤਾਵੇਜ਼ ਪੋਰਟਲ ਤੇ ਅੱਪਲੋਡ ਕਰਨ ਦਾ 17 ਨਵੰਬਰ ਤੱਕ ਆਖ਼ਰੀ ਮੌਕਾ ਦਿੱਤਾ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਭਲਾਈ ਅਫ਼ਸਰ ਸ: ਹਰਪਾਲ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਆਨਲਾਈਨ ਅੱਪਲੋਡ ਕੀਤੀਆਂ ਅਰਜ਼ੀਆਂ ਦੀ ਪੜਤਾਲ ਕਰ ਕੇ ਸਬੰਧਿਤ ਵਿੱਦਿਅਕ ਸੰਸਥਾਵਾਂ ਵੱਲੋਂ ਸੈਕਸ਼ਨਿੰਗ ਅਥਾਰਟੀ ਨੂੰ ਫਾਰਵਰਡ ਕਰਨ ਦੀ ਮਿਤੀ ਸਰਕਾਰ ਨੇ 10 ਨਵੰਬਰ ਤੋਂ ਵਧਾ ਕੇ 17 ਨਵੰਬਰ 2017 ਤੱਕ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਜ਼ਿਲ੍ਹੇ ਦੀਆਂ ਵਿੱਦਿਅਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੇ ਵਿਦਿਆਰਥੀਆਂ ਦੀ ਸੂਚਨਾ ਸੈਕਸ਼ਨਿੰਗ ਅਥਾਰਟੀ ਨੂੰ ਨਹੀਂ ਭੇਜੀ ਹੈ ਤਾਂ ਉਹ 17 ਨਵੰਬਰ ਤੱਕ ਭੇਜ ਸਕਦੇ ਹਨ, ਜਦ ਕਿ ਸੈਕਸ਼ਨਿੰਗ ਅਥਾਰਟੀ ਨੇ ਆਪਣਾ ਕੰਮ 11 ਨਵੰਬਰ ਤੋਂ 4 ਦਸੰਬਰ ਦੇ ਵਿਚਕਾਰ ਮੁਕੰਮਲ ਕਰਨਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਸਮੇਂ ਸਿਰ ਵਜ਼ੀਫ਼ਾ ਮਿਲ ਸਕੇ।
ਜ਼ਿਲ੍ਹਾ ਭਲਾਈ ਅਫ਼ਸਰ ਸ: ਹਰਪਾਲ ਸਿੰਘ ਨੇ ਦੱਸਿਆ ਕਿ ਭਲਾਈ ਵਿਭਾਗ ਨੇ ਸਾਲ 2017-18 ਤੋਂ ਅਹਿਮ ਕਦਮ ਉਠਾਏ ਹਨ ਤਾਂ ਜੋ ਜਾਅਲੀ ਵਿਦਿਆਰਥੀਆਂ ਅਤੇ ਡੁਪਲੀਕੇਸੀ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸਕਾਲਰਸ਼ਿਪ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਨੂੰ ਲਾਜ਼ਮੀ ਤੌਰ ‘ਤੇ ਆਧਾਰ ਨੰਬਰ ਨਾਲ ਵੀ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਲ 2017-18 ਦੌਰਾਨ ਕਿਸੇ ਵਿਦਿਆਰਥੀ ਵੱਲੋਂ ਜਾਂ ਸੰਸਥਾ ਵੱਲੋਂ ਜਾਅਲੀ ਕਲੇਮ ਆਨਲਾਈਨ ਪੋਰਟਲ ‘ਤੇ ਪੇਸ਼ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।