ਫਰੀਦਕੋਟ (ਡਿੰਪੀ ਸੰਧੂ) ਗੈਰ ਸਰਕਾਰੀ ਸੰਸਥਾਵਾਂ, ਟਰੱਸਟਾਂ ਅਤੇ ਹੋਰ ਸਮਾਜਿਕ ਸੰਸਥਾਵਾਂ ਜੋ ਗਰੀਬ ਕੰਨਿਆਵਾਂ ਦੇ ਵਿਆਹ ਕਰਵਾਉਂਦੀਆਂ ਹਨ ਪਾਸੋਂ ਪੰਜਾਬ ਸਰਕਾਰ ਵੱਲੋਂ ਵਿੱਤੀ ਸਹਾਇਤਾ ਮੁਹਈਆ ਕਰਵਾਉਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹ ਜਾਣਕਾਰੀ ਜ਼ਿਲਾ ਭਲਾਈ ਅਫ਼ਸਰ ਸ. ਗੁਰਮੀਤ ਸਿੰਘ ਬਰਾੜ ਨੇ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ/ ਪੱਛੜੀਆਂ ਸ੍ਰੇਣੀਆਂ ਅਤੇ ਘੱਟ ਗਿਣਤੀ ਵਰਗ ਭਲਾਈ ਵਿਭਾਗ, ਪੰਜਾਬ ਰਾਹੀਂ ਗੈਰ-ਸਰਕਾਰੀ ਸੰਸਥਾਵਾਂ, ਟਰੱਸਟਾਂ ਅਤੇ ਹੋੋਰ ਸਮਾਜਿਕ ਸੰਸਥਾਵਾਂ ਨੂੰ ਅਨੁਸੂਚਿਤ ਜਾਤੀਆਂ ਦੇ ਜੋੋੜਿਆਂ ਦੇ ਸਮੂਹਿਕ ਵਿਆਹ ਕਰਵਾਉਣ ਸਮੇਂ ਸਹਾਇਤਾ ਦੇਣ ਦੀ ਸਕੀਮ ਚਲਾਈ ਜਾ ਰਹੀ ਹੈ।
ਇਸ ਤਹਿਤ ਇਕ ਸਾਲ ਵਿਚ 10 ਤੋਂ ਵੱਧ ਸਾਮੂਹਿਕ ਵਿਆਹ ਕਰਵਾਉਣ ਵਾਲੀਆਂ ਸੰਸਥਾਵਾਂ ਨੂੰ ਸਰਕਾਰ ਵੱਲੋਂ ਵਿੱਤੀ ਸਹਾਇਤਾ ਮੁਹਈਆ ਕਰਵਾਈ ਜਾਂਦੀ ਹੈ ਤਾਂ ਜੋ ਉਹ ਇਸ ਸਮਾਜਿਕ ਕਾਰਜ ਨੂੰ ਹੋਰ ਬਿਹਤਰ ਤਰੀਕੇ ਨਾਲ ਕਰਵਾ ਸਕਨ। ਇਸ ਲਈ ਪ੍ਰਤੀ ਜੋੜੇ ਦੇ ਹਿਸਾਬ ਨਾਲ 75 ਹਜਾਰ ਰੁਪਏ ਦੀ ਵਿੱਤੀ ਮਦਦ ਮੁਹਈਆ ਕਰਵਾਈ ਜਾਂਦੀ ਹੈ ਜਿਸ ਵਿਚ 65 ਹਜਾਰ ਰੁਪਏ ਵਿਆਹ ਵਾਲੇ ਜੋੜੇ ਨੂੰ ਬਰਤਨ ਅਤੇ ਹੋਰ ਸਮਾਨ ਖਰੀਦਨ ਲਈ ਅਤੇ 15 ਹਜਾਰ ਰੁਪਏ ਸੰਸਥਾ ਦੇ ਸਮਾਗਮ ਖਰਚ ਲਈ ਦਿੱਤੇ ਜਾਂਦੇ ਹਨ।
ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਜੋ ਵਿਆਹ ਕਵਰ ਕੀਤੇ ਜਾਂਦੇ ਹਨ ਉਨਾਂ ਵਿਚ ਜੇਕਰ ਜੋੜੇ ਵਿਚ ਦੋਨੋ ਜੀਅ ਐਸ.ਸੀ. ਜਾਤੀ ਨਾਲ ਸਬੰਧਤ ਹੋਣ ਤਾਂ ਇਕ ਬੀ.ਪੀ.ਐਲ. ਐਸ.ਸੀ. ਹੋਵੇ ਜਾਂ ਗੈਰ ਅਨੁਸੁਚਿਤ ਜਾਤੀ ਨਾਲ ਸਬੰਧਤ ਲੜਕਾ ਅਤੇ ਬੀ.ਪੀ.ਐਲ. ਐਸ.ਸੀ. ਨਾਲ ਸਬੰਧਤ ਲੜਕੀ ਹੋਵੇ ਜਾਂ ਗੈਰ ਅਨੁਸੁਚਿਤ ਜਾਤੀ ਨਾਲ ਸਬੰਧਤ ਲੜਕੀ ਅਤੇ ਬੀ.ਪੀ.ਐਲ. ਐਸ.ਸੀ. ਨਾਲ ਸਬੰਧਤ ਲੜਕਾ ਹੋਵੇ।
ਸ: ਗੁਰਮੀਤ ਸਿੰਘ ਬਰਾੜ ਨੇ ਦੱਸਿਆ ਕਿ ਸਾਲ 2017-18 ਦੌੌਰਾਨ ਇਸ ਸਕੀਮ ਤਹਿਤ ਲਾਭ ਪ੍ਰਾਪਤ ਕਰਨ ਲਈ ਚਾਹਵਾਨ ਗੈਰ ਸਰਕਾਰੀ ਸੰਸਥਾਵਾਂ/ ਟਰੱਸਟਾਂ ਅਤੇ ਹੋੋਰ ਸਮਾਜਿਕ ਸੰਸਥਾਵਾਂ ਆਪਣੀਆਂ ਤਜਵੀਜਾਂ ਸਕੀਮ ਦੇ ਨਾਰਮਜ਼ ਅਨੁਸਾਰ ਤਿਆਰ ਕਰਕੇ ਸਬੰਧਤ ਜਿਲਾ ਭਲਾਈ ਅਫਸਰ ਰਾਹੀਂ ਡਾਇਰੈਕਟਰ, ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ੍ਰੇਣੀਆਂ ਭਲਾਈ ਵਿਭਾਗ, ਪੰਜਾਬ ਐਸ.ਸੀ.ਓ ਨੰ: 128-29, ਸੈਕਟਰ 34 ਏ, ਚੰਡੀਗੜ ਵਿਖੇ ਮਿਤੀ 7 ਦਸੰਬਰ 2017 ਤੱਕ ਭੇਜ ਸਕਦੀਆਂ ਹਨ । ਉਨਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਸਬੰਧਤ ਗੈਰ ਸਰਕਾਰੀ ਸੰਸਥਾਵਾਂ/ਟਰੱਸਟਾਂ ਅਤੇ ਹੋੋਰ ਸਮਾਜਿਕ ਸੰਸਥਾਵਾਂ ਉਨਾਂ ਦੇ ਦਫ਼ਤਰ ਅੰਬੇਦਕਰ ਭਵਨ ਨੇੜੇ, ਮੁੱਖ ਡਾਕਖਾਨਾ ਫਰੀਦਕੋਟ ਵਿਖੇ ਸੰਪਰਕ ਕਰ ਸਕਦੀਆਂ ਹਨ।