*ਹੁਣ ਤੱਕ ਆਂਗਨਵਾੜੀਆਂ ਤੇ ਸਕੂਲਾਂ ਵਿੱਚ ਵਿਜ਼ਿਟ ਕਰਕੇ 32425 ਬੱਚਿਆਂ ਦਾ ਕੀਤਾ ਚੈਕਅੱਪ
**ਆਂਗਨਵਾੜੀ ਤੇ ਸਰਕਾਰੀ ਸਕੂਲਾਂ ਦੇ 18 ਸਾਲ ਤੱਕ ਦੇ ਬੱਚਿਆਂ ਦਾ ਕੀਤਾ ਜਾਂਦਾ ਮੁਫਤ ਇਲਾਜ
***ਜ਼ਿਲੇ ਅੰਦਰ ਬੱਚਿਆਂ ਦਾ ਇਲਾਜ ਕਰਨ ਲਈ ਮੋਬਾਈਲ ਹੈਲਥ ਟੀਮਾਂ ਹਨ ਤੈਨਾਤ
ਫਰੀਦਕੋਟ (ਡਿੰਪੀ ਸੰਧੂ) ਪੰਜਾਬ ਸਰਕਾਰ ਦਾ ਸਿਹਤ ਵਿਭਾਗ ਗਰੀਬ ਤੇ ਲੋੜਵੰਦ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਪ੍ਰਦਾਨ ਕਰਨ ਲਈ ਪੂਰੀ ਤਰਾਂ ਵਚਨਬੱਧ ਹੈ। ਇਸ ਦੇ ਨਾਲ-ਨਾਲ ਸਿਹਤ ਵਿਭਾਗ ਬੱਚਿਆਂ ਦੀ ਸਿਹਤ ਸੰਭਾਲ ਪੱਖੋਂ ਵੀ ਧਿਆਨ ਰੱਖਣ ਲਈ ਯੋਗ ਉਪਰਾਲੇ ਤੇ ਸਕੀਮਾਂ ਸ਼ੁਰੂ ਕਰਨ ਵਿੱਚ ਪਿਛੇ ਨਹੀਂ ਹੈ। ਸਿਹਤ ਵਿਭਾਗ ਦਾ ਬੱਚਿਆਂ ਲਈ ਚੱਲ ਰਿਹਾ ਰਾਸ਼ਟਰੀਆ ਬਾਲ ਸਿਹਤ ਪ੍ਰੋਗਰਾਮ ਬਹੁਤ ਹੀ ਲਾਹੇਵੰਦ ਸਾਬਿਤ ਹੋ ਰਹੀ ਹੈ। ਇਸ ਸਕੀਮ ਤਹਿਤ ਆਂਗਨਵਾੜੀ ਤੇ ਸਰਕਾਰੀ ਸਕੂਲ ਵਿਖੇ 0 ਤੋਂ ਲੈ ਕੇ 18 ਸਾਲ ਤੱਕ ਦੇ ਹੁਣ ਤੱਕ 32425 ਬੱਚਿਆਂ ਦਾ ਚੈਕਅੱਪ ਕੀਤਾ ਜਾ ਚੁੱਕਾ ਹੈ। ਇਨਾਂ ਬੱਚਿਆਂ ਦਾ ਚੈਕਅਪ ਤੇ ਇਲਾਜ ਕਰਨ ਲਈ ਮੋਬਾਈਲ ਹੈਲਥ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਚੈਕਅੱਪ ਤੋਂ ਬਾਅਦ 4512 ਬੱਚਿਆਂ ਨੂੰ ਇਲਾਜ ਲਈ ਹਸਤਪਾਲਾਂ ਵਿਚ ਰੈਫਰ ਕੀਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਆਈ.ਏ.ਐਸ. ਨੇ ਦਿੱਤੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਨੇ ਦੱਸਿਆ ਕਿ ਰਾਸ਼ਟਰੀਆ ਬਾਲ ਸਵਾਸਥ ਕਾਰਿਆਕ੍ਰਮ ਸਕੀਮ ਤਹਿਤ 0 ਤੋਂ 18 ਸਾਲ ਤੱਕ ਦੇ ਬੱਚਿਆਂ ਦੀ ਸਿਹਤ ਸੰਭਾਲ ਲਈ 30 ਵੱਖ-ਵੱਖ ਬਿਮਾਰੀਆਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਉਨਾਂ ਅੱਗੇ ਦੱਸਿਆ ਕਿ ਬੱਚਿਆਂ ਨੂੰ ਜਮਾਂਦਰੂ ਨੁਕਸ, ਬੱਚਿਆਂ ਵਿੱਚ ਸ਼ਰੀਰਕ ਕਮੀਆਂ, ਸਰੀਰਿਕ ਵਿਕਾਸ ਵਿੱਚ ਦੇਰੀ ਤੇ ਅਪੰਗਤਾ, ਦਿਲ ਦੀਆਂ ਬਿਮਾਰੀਆਂ ਤੇ ਖੂਨ ਦੀ ਕਮੀ ਆਦਿ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਆਂਗਨਵਾੜੀਆਂ ਵਿੱਚ ਦਾਖਲ ਬੱਚਿਆਂ, ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਪਹਿਲੀ ਤੋਂ ਬਾਰਵੀ ਜਮਾਤ ਦੇ ਬੱਚਿਆਂ ਦਾ ਮੋਬਾਈਲ ਹੈਲਥ ਟੀਮਾਂ ਦੁਆਰਾ ਚੈਕਅੱਪ ਕਰਕੇ ਲੋੜੀਂਦਾ ਇਲਾਜ ਕੀਤਾ ਜਾਂਦਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਇਸ ਸਕੀਮ ਤਹਿਤ ਅਪ੍ਰੈਲ 2017 ਤੋਂ ਹੁਣ ਤੱਕ 219 ਸਕੂਲਾਂ ਅਤੇ 564 ਆਂਗਣਬਾੜੀ ਕੇਂਦਰਾਂ ਦਾ ਦੌਰਾ ਸਿਹਤ ਵਿਭਾਗ ਦੀਆਂ ਟੀਮਾਂ ਨੇ ਕੀਤਾ ਹੈ। ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਜ਼ਿਲੇ ਅੰਦਰ 5 ਮੋਬਾਈਲ ਹੈਲਥ ਟੀਮਾਂ ਵੱਲੋਂ ਸਕੂਲਾਂ ਵਿਖੇ ਸਾਲ ਵਿੱਚ ਇਕ ਵਾਰ ਤੇ ਆਂਗਨਵਾੜੀ ਸੈਂਟਰਾਂ ਵਿਖੇ ਸਾਲ ਵਿੱਚ ਦੋ ਵਾਰ ਵਿਜ਼ਿਟ ਕੀਤਾ ਜ਼ਾਂਦਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਇਸ ਸਕੀਮ ਤਹਿਤ ਬੱਚਿਆਂ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਹਰ ਬੁੱਧਵਾਰ ਨੂੰ ਆਇਰਨ ਫੋਲਿਕ ਐਸਿਡ ਦੀ ਮੁਫਤ ਦਵਾਈ ਖਵਾਈ ਜਾਂਦੀ ਹੈ। ਇਸ ਤੋਂ ਇਲਾਵਾ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਸਾਲ ਵਿੱਚ 2 ਵਾਰ ਬੱਚਿਆਂ ਨੂੰ ਅਲਬੈਂਡਾਜ਼ੋਲ ਦੀ ਗੋਲੀ ਵੀ ਮੁਫਤ ਖਵਾਈ ਜਾਂਦੀ ਹੈ। ਇਸ ਮੌਕੇ ਸੰਦੀਪ ਕੁਮਾਰ ਨੇ ਦੱਸਿਆ ਕਿ ਮਹੀਨਾ ਅਕਤੂਬਰ ਦੌਰਾਨ 37 ਸਕੂਲ ਅਤੇ 88 ਆਂਗਣਵਾੜੀ ਕੇਂਦਰਾਂ ਦੇ 4825 ਬੱਚਿਆਂ ਦਾ ਚੈਕਅੱਪ ਕੀਤਾ ਗਿਆ ਹੈ। ਇਸ ਚੈਕਅੱਪ ਤੋਂ ਬਾਅਦ 716 ਬੱਚਿਆਂ ਨੂੰ ਇਲਾਜ ਲਈ ਹਸਤਪਾਲਾਂ ਵਿਚ ਰੈਫਰ ਕੀਤਾ ਗਿਆ ਹੈ ।