ਗੋਲੇਵਾਲਾ ਤੋਂ ਰੋਸ਼ਨ ਹਰਦਿਆਲੇਆਣਾ ਦੀ ਰਿਪੋਰਟ-
ਗੋਲੇਵਾਲ਼ਾ (ਫਰੀਦਕੋਟ)- ਇਉਂ ਲਗਦੈ ਜਿਵੇਂ ਗੋਲੇਵਾਲ਼ਾ ਚ’ ਨਸ਼ਾ ਤਸਕਰਾਂ ਅਤੇ ਨਸ਼ੱਈਆਂ ਨੂੰ ਪੁਲਿਸ ਦਾ ਕੋਈ ਡਰ ਭੈਅ ਕੋਈ ਹੈ ਹੀ ਨਹੀਂ ਇਸੇ ਕਰਕੇ ਪੁਲਿਸ ਵੱਲੋਂ ਕਈ ਥਾਂਈਂ ਛਾਪੇ ਮਾਰਨ ਦੇ ਬਾਵਜੂਦ ਕੋਈ ਪ੍ਰਭਾਵ ਅਜੇ ਤੱਕ ਨਜ਼ਰ ਨਹੀਂ ਆ ਰਿਹਾ ਕਿਉਂਕਿ ਪਿੰਡ ਵਿੱਚ ਨਸ਼ਾ ਅਜੇ ਵੀ ਪਿੰਡ ਵਿੱਚ ਮੁੰਗਫ਼ਲੀ ਵਾਂਗ ਵਿਕ ਰਿਹਾ ਹੈ। ਪੁਲਿਸ ਵੱਲੋਂ ਛਾਪੇ ਮਾਰਕੇ ਕੁਝ ਦੋਸ਼ੀ ਫ਼ੜੇ ਵੀ ਗਏ ਹਨ ਪਰ ਪਿੰਡ ਵਿੱਚ ਨਸ਼ਾ ਤਸਕਰਾਂ ਦੀ ਆਵਾਜਾਈ ਅਤੇ ਨਸ਼ੇ ਦੀ ਵਰਤੋਂ ਲਗਾਤਾਰ ਜਾਰੀ ਹਨ।
ਤਾਜ਼ਾ ਮਿਸਾਲ ਹੈ ਅੱਜ ਗੋਲੇਵਾਲ਼ੇ ਤੋਂ ਹਰਦਿਆਲੇਆਣੇ ਨੂੰ ਜਾਂਦੀ ਲਿੰਕ ਸੜਕ ‘ਤੇ ਖਿਲਰੇ ਮਿਲੇ ਭਾਰੀ ਮਾਤਰਾ ਵਿੱਚ ਨਸ਼ੇ ਦੀਆਂ ਗੋਲ਼ੀਆਂ, ਫੋਰਟਾਡੋਲ ਦੇ ਪੱਤੇ। ਲੋਕ ਸੋਚ ਰਹੇ ਹਨ ਕਿ ਪੁਲਿਸ ਦੀ ‘ਕਾਰਵਾਈ’ ਦੇ ਬਾਵਜੂਦ ਅਜਿਹਾ ਕਿਉਂ ਹੋ ਰਿਹਾ ਹੈ ? ਲੋਕਾਂ ਦੇ ਮਨਾਂ ਵਿੱਚ ਨਿਸਚਿਤ ਰੂਪ ਵਿੱਚ ਅਜਿਹਾ ਸੁਆਲ ਪੈਦਾ ਹੋ ਰਿਹਾ ਹੈ ਕਿ ਕੀ ਪੁਲਿਸ ਸੱਚ-ਮੁੱਚ ਸੰਜੀਦਾ ਐ ਨਸ਼ਾ ਤਸਕਰਾਂ ਨੂੰ ਫੜ੍ਹਨ ਲਈ ਜਾਂ ਫਿਰ ਐਵੈਂ ਗੋਂਗਲ਼ੂਆਂ ਤੋਂ ਮਿੱਟੀ ਝਾੜੀ ਜਾ ਰਹੀ ਹੈ ਤੇ ਮਾਮਲੇ ਦੀ ਜੜ੍ਹ ਨੂੰ ਜਾਣ-ਬੁੱਝ ਕੇ ਹੱਥ ਨਹੀਂ ਪਾਇਆ ਜਾ ਰਿਹਾ। ਆਪਣਾ ਦਾਮਨ ਸਾਫ਼ ਰੱਖਣ ਲਈ ਸਥਾਨਕ ਪੁਲਿਸ ਨੂੰ ਕਰੜੀ ਤੇ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਲੋਕ ਸੁਰੱਖਿਅਤ ਮਹਿਸੂਸ ਕਰ ਸਕਣ ਤੇ ਪੁਲਿਸ ਦਾ ਦਾਮਨ ਵੀ ਪਾਕਿ-ਸਾਫ਼ ਰਹੇ।
ਕੀ ਕਹਿੰਦੇ ਹਨ ਐਸ.ਐਸ.ਪੀ ਸਾਹਿਬ ਫਰੀਦਕੋਟ ਡਾ.ਨਾਨਕ ਸਿੰਘ– ਜਦੋਂ ਇਸ ਬਾਰੇ ਐਸ.ਐਸ.ਪੀ ਫਰੀਦਕੋਟ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫੋਰਟਾਡੋਲ ਐਨ.ਡੀ.ਪੀ.ਐਸ ਐਕਟ ਹੇਠ ਨਹੀਂ ਆਉਂਦਾ ਪਰ ਫਿਰ ਵੀ ਐਨੀ ਵੱਡੀ ਮਾਤਰਾ ਚ’ ਦਰਦ ਨਿਵਾਰਕ ਗੋਲੀਆਂ ਦਾ ਮਿਲਣਾ ਚਿੰਤਾਜਨਕ ਹੈ ਅਤੇ ਅਸੀਂ ਇਸਦੀ ਪੜਤਾਲ ਕਰਾਵਾਂਗੇ ਕਿ ਇਹ ਇਥੇ ਕਿਸ ਨੇ ਸੁੱਟੀਆਂ ਹਨ ਅਤੇ ਇਸਦੀ ਕਿਥੇ ਵਰਤੋਂ ਹੋਈ ਹੈ.