
ਨਵੀਂ ਦਿੱਲੀ (ਬਿਉਰੋ ਰਿਪੋਰਟ) ਦਿੱਲੀ ਦੇ ਵਿਵੇਕ ਵਿਹਾਰ ਥਾਣੇ ਵਿੱਚੋਂ ਇੱਕ ਬੇ-ਹੱਦ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ ਜਿਥੇ ਹਮੇਸ਼ਾਂ ਵਿਵਾਦਾਂ ਚ’ ਰਹਿਣ ਵਾਲੀ ਕਥਿਤ ਧਾਰਮਿਕ ਆਗੂ ਰਾਧੇ ਮਾਂ ਥਾਣੇ ਵਿੱਚ ਐਸ.ਐਚ.ਓ ਦੀ ਕੁਰਸੀ ਉੱਤੇ ਬੈਠੀ ਹੋਈ ਹੈ ਅਤੇ ਐਸ.ਐਚ.ਓ ਗਲ ਚ’ ਚੁੰਨੀ ਪਾਈ ਖੜ੍ਹਾ ਹੈ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਕੋਈ ਭਗਤ ਕਿਸੇ ਮੰਦਰ ਚ’ ਭਗਤੀ ਕਰ ਰਿਹਾ ਹੋਵੇ. ਪਰ ਇਹ ਸਿਰਫ ਹਿੰਦੁਸਤਾਨ ਵਰਗੇ ਅੰਨ੍ਹੀ ਧਾਰਮਿਕ ਆਸਥਾ ਵਾਲੇ ਦੇਸ਼ ਚ’ ਹੀ ਹੋ ਸਕਦੈ ਜਿਥੇ ਧਾਰਮਿਕ ਆਗੂਆਂ ਉੱਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ.
ਆਪਣੀ ਅਜੀਬੋ-ਗਰੀਬ ਮੁਦਰਾਵਾਂ ਅਤੇ ਹੱਥ ਵਿਚ ਤ੍ਰਿਸ਼ੂਲ ਫੜ੍ਹੀ ਹਮੇਸ਼ਾਂ ਚਰਚਾਵਾਂ ਚ’ ਰਹਿਣ ਵਾਲੀ ਰਾਧੇ ਮਾਂ ਦਿੱਲੀ ਦੇ ਵਿਵੇਕ ਵਿਹਾਰ ਥਾਣੇ ਵਿਚ ਐਸ.ਐਚ.ਓ. ਦੀ ਕੁਰਸੀ ‘ਤੇ ਹੀ ਬੈਠ ਗਈ ਅਤੇ ਉਸਦੇ ਅੰਨ੍ਹੇ ਭਗਤ ਐਸ.ਐਚ.ਓ ਨੇ ਕਾਨੂੰਨ ਦੀ ਕੁਰਸੀ ਦਾ ਮਜ਼ਾਕ ਬਣਾ ਦਿੱਤਾ ਜਦੋਂ ਉਹ ਸਰਕਾਰੀ ਵਰਦੀ ਉੱਤੋਂ ਦੀ ਮਾਤਾ ਦੀ ਚੁੰਨੀ ਗਲ ਚ’ ਪਾਈ ਭਗਤੀ ਮੁਦਰਾ ਚ’ ਖੜ੍ਹਾ ਨਜਰ ਆਇਆ ਅਤੇ ਉਸਨੂੰ ਆਪਣੀ ਵਰਦੀ ਦੀ ਇੱਜ਼ਤ ਦਾ ਵੀ ਖਿਆਲ ਨਹੀਂ ਰਿਹਾ.
ਜਦੋਂ ਇਸ ਸੰਬੰਧ ਚ’ ਉਕਤ ਥਾਣੇ ਦੇ ਐਸ.ਐਚ.ਓ. ਨਾਲ ਪੱਤਰਕਾਰਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਕੰਨੀ ਕਤਰਾਅ ਗਏ. ਪੁਲਸ ਦੇ ਇਕ ਕਾਂਸਟੇਬਲ ਅਨੁਸਾਰ ਰਾਧੇ ਮਾਂ ਰਾਮਲੀਲਾ ਚ’ ਆਈ ਸੀ ਜਿਥੇ ਭੀੜ ਹੋਣ ਕਰਕੇ ਐਸ.ਐਚ.ਓ. ਸੰਜੈ ਸ਼ਰਮਾ ਉਸਨੂੰ ਥਾਣੇ ਲੈ ਆਏ. ਇਥੇ ਅਸੀਂ ਤੁਹਾਨੂੰ ਇਹ ਦੱਸ ਦੇਈਏ ਕਿ ਰਾਧੇ ਮਾਂ ਦਾਜ-ਦਹੇਜ, ਜਿਨਸੀ ਸੋਸ਼ਨ ਅਤੇ ਧੱਕੇਸ਼ਾਹੀ ਜਿਹੇ ਗੰਭੀਰ ਦੋਸ਼ਾਂ ਚ’ ਘਿਰੀ ਹੋਈ ਹੈ ਜਿਸਨੂੰ ਹੁਣੇ ਜਿਹੇ ਹੀ ਸੰਤਾਂ ਦੀ ਇਕ ਸੰਸਥਾ ਨੇ ਨਕਲੀ ਸੰਤ ਐਲਾਨ ਕੀਤਾ ਹੋਇਆ ਹੈ ਸੋ ਅਜਿਹੇ ਮਾਮਲਿਆਂ ਵਿੱਚ, ਇਹ ਸੁਆਲ ਉੱਠਦਾ ਹੈ ਕਿ ਇੱਕ ਪੁਲਿਸ ਸਟੇਸ਼ਨ ਵਿੱਚ ਰਾਧੇ ਮਾਂ ਲਈ ਇੰਨੀ ਸ਼ਰਧਾ ਕਿੰਨੀ ਕੁ ਸਹੀ ਹੈ? ਅਤੇ ਉਸ ਨੂੰ ਸਰਕਾਰੀ ਕੁਰਸੀ ‘ਤੇ ਬਿਠਾਉਣਾ ਕਿਥੋਂ ਕੁ ਤੱਕ ਜਾਇਜ਼ ਹੈ ? ਹਰੇਕ ਸਰਕਾਰੀ ਕੁਰਸੀ ਦੀ ਇੱਕ ਖਾਸ ਗਰਿਮਾ ਹੁੰਦੀ ਹੈ ਅਤੇ ਕਿਉਂਕਿ ਇਹ ਕੁਰਸੀ ਕਿਸੇ ਵਿਅਕਤੀ ਦੇ ਘਰ ਜਾਂ ਦਫਤਰ ਦੀ ਨਹੀਂ ਬਲਕਿ ਇੱਕ ਜ਼ਿੰਮੇਵਾਰ ਪੁਲਿਸ ਅਫਸਰ ਦੀ ਹੈ ਇਸ ਲਈ ਅਜਿਹੀਆਂ ਘਟਨਾਵਾਂ ਬੇ-ਹੱਦ ਸ਼ਰਮਨਾਕ ਹਨ.